ਲੋਕੇਸ਼ ਰਿਸ਼ੀ
ਗੁਰਦਾਸਪੁਰ, 08 ਮਈ 2019- ਲੋਕ ਸਭਾ ਹਲਕਾ ਗਿਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਨਾਂ ਦੀ ਜਿੱਤ ਕੇਂਦਰ ਵਿਚੋਂ ਮੋਦੀ ਦੇ ਭਿ੍ਰਸ਼ਟ ਤਾਨਾਸ਼ਾਹ ਰਾਜ ਦੇ ਖਾਤਮੇ ਵਿੱਚ ਸਹਾਈ ਹੋਵੇਗੀ, ਜਿਸਨੇ ਮੁਲਕ ਨੂੰ ਬਹੁ-ਕੌਮੀ ਕੰਪਨੀਆਂ ਕੋਲ ਗਹਿਣੇ ਰੱਖਿਆ ਹੋਇਆ ਹੈ। ਉਨਾਂ ਕਿਹਾ ਕਿ ਬੀ.ਐੱਸ.ਐੱਨ.ਐੱਲ ਵਰਗੀਆਂ ਮੁਨਾਫ਼ੇਬਖਸ਼ ਕੰਪਨੀਆਂ ਦੇ ਸਿਰ ਅਰਬਾਂ ਰੁਪਏ ਦੇ ਕਰਜ਼ੇ ਚੜ ਜਾਣੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਮੋਦੀ ਨੇ ਅੰਬਾਨੀ ਤੇ ਅਡਾਨੀ ਵਰਗੇ ਖਰਬਪਤੀਆਂ ਦੀਆਂ ਕੰਪਨੀਆਂ ਨੂੰ ਸੂਟ ਬੈਠਦੀਆਂ ਨੀਤੀਆਂ ਘੜਕੇ ਸਰਕਾਰ ਕੰਪਨੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।
ਇਥੋਂ ਨੇੜਲੇ ਪਿੰਡਾਂ ਡੋਗਰ, ਖੂਸਰ ਅਤੇ ਅਵਾਣ ਵਿਖੇ ਸੁਨੀਲ ਜਾਖੜ ਦੇ ਹੱਕ ਵਿੱਚ ਹੋਏ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਲੋਕਾਂ ਨੂੰ ਕਿਹਾ ਕਿ ਉਹ ਵੋਟਾਂ ਮੰਗਣ ਲਈ ਆਉਂਦੇ ਮੋਦੀ ਹਮਾਇਤੀਆਂ ਨੂੰ ਪੁੱਛਣ ਕੇ ਮੋਦੀ ਵਲੋਂ ਲਿਆਂਦੇ ਜਾਣ ਵਾਲੇ ਕਾਲੇ ਧੰਨ ਵਿਚੋਂ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਿਆ ਕਦੋਂ ਆਵੇਗਾ। ਉਨਾਂ ਕਿਹਾ ਕਿ ਮੋਦੀ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਰਾਹੀਂ ਲੋਕਾਂ ਖਾਸ ਕਰਕੇ ਛੋਟੇ ਵਪਾਰੀਆਂ ਦਾ ਅਜਿਹਾ ਕੰਚੂਬਰ ਕੱਢਿਆ ਹੈ ਕਿ ਉਹ ਅਜੇ ਤੱਕ ਵੀ ਤਾਬ ਨਹੀਂ ਆਏ।
ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਨਰਿੰਦਰ ਮੋਦੀ ਜੋ ਆਪਣੇ ਆਪ ਨੂੰ ਚਾਹ ਵੇਚਣ ਵਾਲਾ ਦੱਸਦਾ ਸੀ ਉਹ ਬਿਲਕੁਲ ਝੂਠ ਸਾਬਤ ਹੋਇਆ ਹੈ ਕਿਉਂਕਿ ਅੱਜ ਤੱਕ ਦੇਸ਼ ਦੇ ਇੱਕ ਵੀ ਵਿਅਕਤੀ ਨੇ ਇਹ ਗੱਲ ਨਹੀਂ ਕਬੂਲੀ ਕਿ ਉਸਨੇ ਕਦੀ ਮੋਦੀ ਕੋਲੋਂ ਚਾਹ ਪੀਤੀ ਸੀ। ਉਨਾਂ ਕਿਹਾ ਕਿ ਮੋਦੀ ਨੇ ਹਰ ਗੱਲ ’ਤੇ ਝੂਠ ਦਾ ਸਹਾਰਾ ਲਿਆ ਹੈ ਅਤੇ ਜਿਵੇਂ ਉਸਦੇ ਚਾਹ ਵੇਚਣ ਦੀ ਗੱਲ ਝੂਠੀ ਨਿਕਲੀ ਹੈ ਉਸੇ ਤਰਾਂ ਉਸਦੀ ਡਿਗਰੀ ਕਰਨ ਦੀ ਗੱਲ ਵੀ ਫਰਜੀ ਹੈ, ਕਿਉਂਕਿ ਮੋਦੀ ਦਾ ਅਜੇ ਤੱਕ ਕੋਈ ਵੀ ਜਮਾਤੀ ਸਾਹਮਣੇ ਨਹੀਂ ਆਇਆ ਹੈ, ਜਿਸਨੇ ਮੋਦੀ ਨਾਲ ਪੜਾਈ ਕੀਤੀ ਹੋਵੇ। ਬਾਜਵਾ ਨੇ ਕਿਹਾ ਕਿ ਮੋਦੀ ਸਿਰਫ਼ ਜੁਮਲੇਬਾਜ਼ੀ ਕਰਕੇ ਲੋਕਾਂ ਨੂੰ ਲੁਭਾ ਰਿਹਾ ਹੈ ਅਤੇ ਉਸਦੇ ਪੰਜ ਸਾਲ ਪਹਿਲਾਂ ਕੀਤੇੇ ਸਾਰੇ ਵਾਅਦੇ ਸਿਰਫ਼ ਚੋਣ ਜੁਮਲੇ ਹੀ ਸਾਬਤ ਹੋਏ ਹਨ।
ਬਾਜਵਾ ਨੇ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਇਸ ਵਾਰ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਾ ਹੀ ਇੱਕੋ-ਇੱਕ ਹੱਲ ਹੈ। ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀਆਂ ਨੀਤੀਆਂ ਦੇਸ਼ ਨੂੰ ਤਬਾਹ ਕਰਨ ਵਾਲੀਆਂ ਹਨ ਜਿਸ ਵਿੱਚ ਦੇਸ਼ ਦੀ ਕੋਈ ਭਲਾਈ ਨਹੀਂ ਹੈ। ਉਨਾਂ ਕਿਹਾ ਕਿ ਮੋਦੀ ਨੇ ਸਿਰਫ਼ ਆਪਣੇ ਮਨ ਦੀ ਗੱਲ ਹੀ ਲੋਕਾਂ ਨਾਲ ਕੀਤੀ ਹੈ ਅਤੇ ਮਨਮਰਜੀ ਨਾਲ ਹੀ ਦੇਸ਼ ਨੂੰ ਚਲਾਇਆ ਹੈ। ਜੇਕਰ ਮੋਦੀ ਨੇ ਆਪਣੇ ਮਨ ਦੀ ਬਜਾਏ ਲੋਕਾਂ ਦੇ ਮਨ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਦੇਸ਼ ਅੰਦਰ ਮਹਿੰਗਾਈ ਦੀ ਮਾਰ ਕਾਰਨ ਲੋਕ ਨਾ ਮਰ ਰਹੇ ਹੁੰਦੇ।
ਬਾਜਵਾ ਨੇ ਪੰਜਾਬ ਵਿੱਚ ਮੋਦੀ ਨਾਲ ਝੰਡਾ ਚੁੱਕੀ ਫਿਰਦੇ ਬਾਦਲ ਤੇ ਮਜੀਠੀਆ ਪਰਿਵਾਰ ਸਿੱਖ ਪੰਥ ਦੇ ਦੋਖੀ ਹਨ ਜਿਨਾਂ ਦੇ ਰਾਜ ਵਿਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਗਲੀਆਂ ਵਿੱਚ ਰੋਲ ਕੇ ਅਥਾਹ ਬੇਅਦਬੀ ਕੀਤੀ ਗਈ ਅਤੇ ਇਸ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਉੱਤੇ ਅੰਨੇਵਾਹ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਜਾਨੋ ਮਾਰ ਦਿੱਤਾ। ਉਨਾਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਮੁਗਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਨਹੀਂ ਹੋਈ ਸੀ ਅਤੇ ਇਹ ਹਿਰਦੇਵੇਦਕ ਘਟਨਾ ਸਿਰਫ ਤੇ ਸਿਰਫ ਬਾਦਲ ਪਰਵਾਰ ਦੇ ਰਾਜ ਵਿੱਚ ਹੀ ਹੋਈ ਹੈ। ਸ. ਬਾਜਵਾ ਨੇ ਕਿਹਾ ਕਿ ਇਨਾਂ ਮੰਦਭਾਗੀਆਂ ਘਟਨਾਵਾਂ ਦੇ ਬਹੁਤ ਦੋਸ਼ੀ ਜੇਲਾਂ ਵਿੱਚ ਬੰਦ ਹਨ ਅਤੇ ਰਹਿੰਦਿਆਂ ਨੂੰ ਵੀ ਸਜ਼ਾ ਜਰੂਰ ਦਿੱਤੀ ਜਾਵੇਗੀ।
ਪੇਂਡੂ ਵਿਕਾਸ ਮੰਤਰੀ ਨੇ ਇਨਾਂ ਪਿੰਡਾਂ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੇ ਰਹਿੰਦੇ ਵਿਕਾਸ ਕਾਰਜ ਵੀ ਆਉਣ ਵਾਲੇ ਸਮੇਂ ਵਿੱਚ ਕਰਵਾ ਦਿੱਤੇ ਜਾਣਗੇ।