← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ, 09 ਮਈ 2019: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੋਦੀ ਲੋਕਾਂ ਵਿੱਚ ਧਰਮ ਅਤੇ ਜਾਤ ਦੇ ਅਧਾਰ ਉਤੇ ਵੰਡੀਆਂ ਪਾ ਕੇ ਮੁਲਕ ਨੂੰ ਤੋੜਣ ਉਤੇ ਤੁਲਿਆ ਹੋਇਆ ਹੈ। ਉਹਨਾਂ ਇਹ ਗੱਲ ਅੱਜ ਬਟਾਲਾ ਦੇ ਨਜਦੀਕੀ ਪਿੰਡ ਹਸਨਪੁਰ ਕਲਾਂ ਵਿੱਚ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਬਾਜਵਾ ਨੇ ਕਿਹਾ ਕਿ ਮੋਦੀ ਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਬਟੋਰਨ ਲਈ ਖੁਦ ਪੁਲਵਾਮਾ ਕਾਂਢ ਕਰਵਾ ਕੇ ਸੀ.ਆਰ.ਪੀ.ਐਫ ਦੇ ਚਾਲੀ ਜਵਾਨ ਮਰਵਾ ਦਿੱਤੇ। ਉਹਨਾਂ ਦੋਸ ਲਾਇਆ ਕਿ ਇਕ ਗਿਣੀ ਮਿਥੀ ਸਕੀਮ ਤਹਿਤ ਇਹਨਾਂ ਜਵਾਨਾਂ ਦੀਆ ਲਾਸਾਂ ਉਹਨਾਂ ਦੇ ਘਰੋ-ਘਰੀਂ ਪਹੁੰਚਾਉਣ ਦੀ ਥਾਂ ਪਹਿਲਾਂ ਦਿੱਲੀ ਲਿਜਾਈਆਂ ਗਈਆਂ ਜਿੱਥੇ ਮੋਦੀ ਨੇ ਲਾਸਾਂ ਉਤੇ ਹੋਛੀ ਰਾਜਨੀਤੀ ਕਰਦਿਆਂ ਸਰਧਾਂਜਲੀ ਭੇਟ ਕਰਨ ਦਾ ਡਰਾਮਾ ਕੀਤਾ। ਬਾਜਵਾ ਨੇ ਕਿਹਾ ਕਿ ਆਪਣੀ ਕੁਰਸੀ ਬਚਾਉਣ ਲਈ ਮੋਦੀ ਮੁਲਕ ਵਿੱਚ ਦੰਗੇ ਭੜਕਾ ਕੇ ਹਜਾਰਾਂ ਬੰਦੇ ਮਰਵਾਉਣ ਦੀ ਹੱਦ ਤੱਕ ਵੀ ਜਾ ਸਕਦਾ ਹੈ। ਅਕਾਲੀ-ਭਾਜਪਾ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਪ੍ਰਕਾਸ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਿਮੇਂਵਾਰ ਠਹਿਰਾਉਂਦਿਆਂ ਬਾਜਵਾ ਨੇ ਕਿਹਾ ਹੈ ਕਿ ਇਹ ਬਾਦਲ ਪਰਿਵਾਰ ਵੱਲੋਂ ਆਪਣੀ ਗੱਦੀ ਬਚਾਉਣ ਲਈ ਰਚੀ ਗਈ ਬਹੁਤ ਹੀ ਨਾਪਾਕ ਸਾਜਿਸ ਸੀ। ਉਹਨਾਂ ਕਿਹਾ ਬੇਅਦਬੀ ਦੀਆ ਘਟਨਾਵਾਂ ਅਤੇ ਇਹਨਾਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕਰ ਰਹੀ ਸੰਗਤ ਉਤੇ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਦੋਸ਼ੀਆਂ ਨੂੰ ਹਰ ਹਾਲਤ ਸਜਾ ਦਿੱਤੀ ਜਾਵੇਗੀ, ਭਾਵੇਂ ਕੋਈ ਦੋਸੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਕਿਉਂ ਨਾ ਹੋਵੇ। ਗੁਰਦਾਸਪੁਰ ਹਲਕੇ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ, ਕੈਬਨਿਟ ਮੰਤਰੀ ਨੇ ਕਿਹਾ ਕਿ ਸਨੀ ਦਿਉਲ ਨੂੰ ਵੋਟ ਪਾਉਣਾ ਖੂਹ ਵਿੱਚ ਸੁੱਟਣ ਦੇ ਬਰਾਬਰ ਹੈ ਕਿਉਂਕਿ ਉਸ ਨੇ ਵੋਟਾਂ ਤੋਂ ਬਾਅਦ ਕਿਤੇ ਲੱਭਣਾ ਹੀ ਨਹੀਂ ਹੈ। ਪਿੰਡ ਦੇ ਲੋਕਾਂ ਨੂੰ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਸਿਰੇ ਚੜਾਉਣ ਦਾ ਯਕੀਨ ਦਿਵਾਉਂਦਿਆਂ ਬਾਜਵਾ ਨੇ ਕਿਹਾ ਕਿ ਸਾਂਝੇ ਕਾਰਜਾਂ ਤੋਂ ਬਿਨਾਂ ਲੋਕਾਂ ਦੀਆਂ ਪੈਨਸਨਾਂ ਵੀ ਲਵਾਈਆਂ ਜਾਣਗੀਆਂ ਅਤੇ ਰਾਸਨ ਕਾਰਡ ਵੀ ਬਣਾਏ ਜਾਣਗੇ। ਬਾਜਵਾ ਨੇ ਕਿ ਸੂਬਾ ਪੰਜਾਬ ਵਿੱਚ ਕਾਂਗਰਸ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਦਾ ਖਾਕਾ ਤਿਆਰ ਕੀਤਾ ਗਿਆ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਵਿਕਾਸ ਕਾਰਜ ਪੂਰੀ ਰਫਤਾਰ ਨਾਲ ਸ਼ੁਰੂ ਕੀਤੇ ਜਾਣਗੇ।
Total Responses : 265