ਭੋਆ (ਪਠਾਨਕੋਟ), 09 ਮਈ 2019: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਕਿ ਮੁਲਕ ਨੂੰ ਮੋਦੀ ਦੇ ਤਾਨਾਸ਼ਾਹ ਫਿਰਕੂ ਅਤੇ ਗਰੀਬ ਵਿਰੋਧੀ ਰਾਜ ਤੋਂ ਮੁਕਤ ਕਰਾਇਆ ਜਾ ਸਕੇ। ਉਹ ਅੱਜ ਇਥੋਂ ਥੋੜੀ ਦੂਰ ਸੁੰਦਰ ਚੱਕ ਅੱਡੇ ਉੱਤੇ ਹਲਕਾ ਵਿਧਾਇਕ ਜੋਗਿੰਦਰਪਾਲ ਵਲੋਂ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ. ਬਾਜਵਾ ਨੇ ਪੰਚਾਂ-ਸਰਪੰਚਾਂ ਤੇ ਪੰਚਾਇਤੀ ਸੰਸਥਾਵਾਂ ਦੇ ਚੁਣੇ ਹੋਏ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਮੋਦੀ ਦੀਆਂ ਮੁਲਕ ਲਈ ਘਾਤਕ ਸਾਬਤ ਹੋ ਰਹੀਆਂ ਨੀਤੀਆਂ ਤੋਂ ਜਾਣੂ ਕਰਾ ਕੇ ਉਸ ਨੂੰ ਇਨ੍ਹਾਂ ਚੋਣਾਂ ਵਿੱਚ ਹਰਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਪ੍ਰੇਰਨ। ਉਨ੍ਹਾਂ ਕਿਹਾ ਕਿ ਮੋਦੀ ਨੇ ਪਹਿਲਾਂ ਨੋਟਬੰਦੀ ਅਤੇ ਫਿਰ ਨੁਕਸਦਾਰ ਜੀ.ਐੱਸ.ਟੀ. ਸਿਸਟਮ ਲਾਗੂ ਕਰ ਕਟ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਧੰਦੇ ਚੌਪਟ ਕਰ ਦਿੱਤੇ ਹਨ। ਪਾਕਿਸਤਾਨ ਨਾਲ ਅਟਾਰੀ ਸਰਹੱਦ ਰਾਹੀਂ ਹੁੰਦੇ ਵਪਾਰ ਨੂੰ ਬੰਦ ਕਰਵਾ ਕੇ ਮੋਦੀ ਨੇ ਅੰਮ੍ਰਿਤਸਰ, ਬਟਾਲਾ, ਫਤਿਹਗੜ੍ਹ ਚੂੜੀਆਂ, ਪਠਾਨਕੋਟ ਅਤੇ ਭੋਆ ਹਲਕੇ ਦੇ ਵਪਾਰੀਆਂ ਨੂੰ ਵਿਹਲੇ ਬਹਾ ਦਿੱਤਾ ਹੈ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕੇ ਦੇ ਲੋਕ ਜੰਗ ਨਹੀਂ ਸਗੋਂ ਅਮਨ ਚਾਹੁੰਦੇ ਹਨ, ਕਿਉਂਕਿ ਜੇ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤਾਂ ਮੋਦੀ ਅਤੇ ਅਮਿਤ ਸ਼ਾਹ ਦਾ ਤਾਂ ਕੁਝ ਨਹੀਂ ਵਿਗੜਨਾ ਜਦਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਕੁਝ ਨਹੀਂ ਬੱਚਣਾ। ਉਨ੍ਹਾਂ ਕਿਹਾ ਕਿ ਮੋਦੀ ਨੇ ਪਾਕਿਸਤਾਨ ਦਾ ਹਊਆ ਇਸ ਲਈ ਖੜ੍ਹਾ ਕੀਤਾ ਹੈ ਤਾਂ ਕਿ ‘ਮੁਲਕ ਨੂੰ ਖਤਰਾ ਹੋਣ ਦੀ ਕਾਵਾਂ-ਰੌਲੀ’ ਵਿੱਚ ਲੋਕ ਉਸ ਤੋਂ ਪੰਜ ਸਾਲ ਦਾ ਹਿਸਾਬ-ਕਿਤਾਬ ਨਾ ਮੰਗ ਸਕਣ।
ਸ. ਬਾਜਵਾ ਨੇ ਮੋਦੀ ਦੇ ਰਾਸ਼ਟਰਵਾਦ ਅਤੇ ਦੇਸ਼ ਭਗਤੀ ਨੂੰ ਨਿਰਾ ਢੌਂਗ ਦੱਸਦਿਆਂ ਕਿਹਾ ਕਿ ਮੋਦੀ ਅਸਲ ਵਿੱਚ ਰਾਸ਼ਟਰ ਵਿਰੋਧੀ ਅਤੇ ਮੁਲਕ ਦਾ ਗਦਾਰ ਹੈ ਜਿਹੜਾ ਲੋਕਾਂ ਵਿੱਚ ਵੰਡੀਆਂ ਪਾ ਕੇ ਮੁਲਕ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ। ਮੋਦੀ ਉੱਤੇ ਔਰੰਗਜ਼ੇਬ ਦੇ ਰਾਹ ਉੱਤੇ ਤੁਰਨ ਦਾ ਦੋਸ਼ ਲਾਉਂਦਿਆਂ ਸ. ਬਾਜਵਾ ਨੇ ਕਿਹਾ ਕਿ ਔਰੰਗਜ਼ੇਬ ਨੇ ਜਿਵੇਂ ਆਪਣਾ ਰਾਜ-ਭਾਗ ਬਚਾਉਣ ਲਈ ਆਪਣੇ ਭਰਾਵਾਂ ਨੂੰ ਕਤਲ ਕਰਾ ਦਿੱਤਾ ਸੀ ਉਸੇ ਤਰਾਂ ਹੁਣ ਮੋਦੀ ਨੇ ਪੁਲਵਾਮਾ ਵਿੱਚ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੀ ਬਲੀ ਦੇ ਦਿੱਤੀ ਹੈ।
ਭਾਜਪਾ ਦੇ ਉਮੀਦਵਾਰ ਸਨੀ ਦਿਓਲ ਨੂੰ ਬਲੀ ਦਾ ਬੱਕਰਾ ਦੱਸਦਿਆਂ ਸ. ਬਾਜਵਾ ਨੇ ਕਿਹਾ ਕਿ ਭਾਜਪਾ ਨੂੰ ਜਦੋਂ ਸੁਨੀਲ ਜਾਖੜ ਦੇ ਮੁਕਾਬਲੇ ਦਾ ਕੋਈ ਸਿਆਸੀ ਆਗੂ ਨਹੀਂ ਲੱਭਿਆ ਤਾਂ ਉਸਨੇ ਮੁਬੰਈ ਤੋਂ ਸਨੀ ਦਿਓਲ ਨੂੰ ਲਿਆ ਕੇ ਫਸਾ ਦਿੱਤਾ ਹੈ ਜਿਸਨੂੰ ਕਿਸੇ ਵੀ ਵਰਗ ਵਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਸੁਲਝੇ ਹੋਏ ਮਿਹਨਤੀ ਅਤੇ ਲੋਕ ਪੱਖੀ ਸਿਆਸੀ ਆਗੂ ਦੱਸਦਿਆਂ ਸ. ਬਾਜਵਾ ਨੇ ਕਿਹਾ ਕਿ ਉਸਨੇ ਡੇਡ ਸਾਲ ਦੇ ਸਮੇਂ ਵਿੱਚ ਭੋਆ ਹਲਕੇ ਦਾ ਬਹੁਤ ਵਿਕਾਸ ਕਰਵਾਇਆ ਹੈ।
ਪਿੰਡਾਂ ਦੇ ਪੰਚਾਂ-ਸਰਪੰਚਾਂ ਵਲੋਂ ਉਠਾਏ ਗਏ ਮਾਮਲਿਆਂ ਸਬੰਧੀ ਬਲੋਦਿਆਂ ਪੰਚਾਇਤ ਮੰਤਰੀ ਸ. ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਜਿਹੜੇ ਪਿੰਡ ਵਿਚੋਂ ਵੀ ਕਾਂਗਰਸੀ ਉਮੀਦਵਾਰ ਜਿੱਤੇਗਾ, ਉਸਨੂੰ ਮੂੰਹ ਮੰਗੀਆਂ ਮੁਰਾਦਾਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਹਲਕਾ ਵਿਧਾਇਕ ਜੋਗਿੰਦਰਪਾਲ ਨੇ ਬੋਲਦਿਆਂ ਦਾਅਵਾ ਕੀਤਾ ਕਿ ਭੋਆ ਹਲਕੇ ਵਿਚੋਂ ਕਾਂਗਰਸੀ ਉਮੀਦਵਾਰ ਬਹੁਤ ਵੱਡੇ ਫਰਕ ਨਾਲ ਜਿੱਤੇਗਾ, ਕਿਉਂਕਿ ਪਿਛਲੇ ਦੋ ਸਾਲਾਂ ਦੇ ਅਰਸੇ ਦੌਰਾਨ ਸੁਨੀਲ ਜਾਖੜ ਦੀ ਮਦਦ ਨਾਲ ਇਸ ਹਲਕੇ ਵਿੱਚ 1500 ਕਰੋੜ ਰੁਪਏ ਦੇ ਵਿਕਾਸ ਕਾਰਜ ਸਿਰੇ ਚਾੜ੍ਹੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਪਠਾਨੀਆਂ, ਸੇਵਾ ਮੁਕਤ ਤਹਿਸੀਲਦਾਰ ਕੰਵਲਜੀਤ ਸਿੰਘ ਰੰਧਾਵਾ ਅਤੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਹਰਸਿਮਰਨ ਕੌਰ ਬਾਜਵਾ ਨੇ ਵੀ ਸੰਬੋਧਨ ਕੀਤਾ।