ਸ਼ਿਵਾਲਿਕ ਸਕੂਲ ਵਿਖੇ ਮਾਈਕ੍ਰੋ ਅਬਜ਼ਰਵਰਾਂ ਦਾ ਪਹਿਲਾ ਸਿਖਲਾਈ ਸੈਸ਼ਨ
ਨਵਾਂ ਸ਼ਹਿਰ, 9 ਮਈ,2019: ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਵਾਸਤੇ ਚੋਣ ਕਮਿਸ਼ਨ ਵੱਲੋਂ ਲਾਏ ਜਨਰਲ ਅਬਜ਼ਰਵਰ ਸ੍ਰੀ ਪੀ ਦਿਆਨੰਦ ਆਈ.ਏ.ਐਸ. ਨੇ ਅੱਜ ਇੱਥੇ ਦੱਸਿਆ ਕਿ ਮਤਦਾਨ ਅਮਲ ਦੌਰਾਨ ਜੇਕਰ ਕੋਈ ਵੀ ਵਿਅਕਤੀ ਈ ਵੀ ਐਮ/ਵੀ ਵੀ ਪੀ ਏ ਟੀ ਦੀ ਭਰੋਸੇਯੋਗਤਾ ’ਤੇ ਉਂਗਲ ਉਠਾਉਂਦਾ ਹੈ ਤਾਂ ਉਸ ਨੂੰ ਫ਼ਾਰਮ ਨੰ. 49 ਐਮ ਏ ’ਚ ਲਿਖਤੀ ਰੂਪ ’ਚ ਸ਼ਿਕਾਇਤ ਦੇਣੀ ਪਵੇਗੀ ਜੋ ਝੂਠੀ ਪਾਏ ਜਾਣ ’ਤੇ ਸਬੰਧਤ ਵਿਅਕਤੀ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 177 ਤਹਿਤ ਕਾਰਵਾਈ ਦਾ ਆਧਾਰ ਬਣੇਗੀ। ਉਨ੍ਹਾਂ ਦੱਸਿਆ ਕਿ ਸਮੁੱਚੇ ਚੋਣ ਅਮਲ ਦੌਰਾਨ ਵੱਖ-ਵੱਖ ਥਾਈਂ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ ਜੋ ਕਿ 19 ਮਈ ਨੂੰ ਮਤਦਾਨ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਮੁਕੰਮਲ ਹੋਣ ਤੱਕ ਚੋਣ ਅਮਲ ’ਤੇ ਨਿਗਰਾਨੀ ਰੱਖਣਗੇ।
ਅੱਜ ਸ਼ਿਵਾਲਿਕ ਸਕੂਲ ਨਵਾਂਸ਼ਹਿਰ ਵਿਖੇ ਇਨ੍ਹਾਂ ਮਾਈਕ੍ਰੋ ਅਬਜ਼ਰਵਰਾਂ ਦੇ ਪਹਿਲੇ ਟ੍ਰੇਨਿੰਗ ਸੈਸ਼ਨ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਈਕ੍ਰੋ ਅਬਜ਼ਰਵਰਾਂ ਦਾ ਅਹਿਮ ਕੰਮ ਸਮੁੱਚੀ ਮਤਦਾਨ ਪ੍ਰਕਿਰਿਆ ਨੂੰ ਨਿਰਪੱਖਤਾ ਅਤੇ ਦਬਾਅ ਰਹਿਤ ਮਾਹੌਲ ਵਿੱਚ ਨੇਪਰੇ ਚਾੜ੍ਹਨਾ ਹੋਵੇਗਾ ਅਤੇ ਇਸ ਲਈ ਇਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਵੀ ਦਿੱਤੇ ਗਏ ਹਨ। ਸ੍ਰੀ ਦੀਕਸ਼ਿਤ ਅਨੁਸਾਰ ਮਾਈਕ੍ਰੋ ਅਬਜ਼ਰਵਰਾਂ ਦੀ ਜ਼ਿੰਮੇਂਵਾਰੀ ਵੀ ਵੱਡੀ ਹੋਵੇਗੀ ਅਤੇ ਜੁਆਬਦੇਹੀ ਉਸ ਤੋਂ ਵੀ ਜ਼ਿਆਦਾ, ਇਸ ਲਈ ਉਹ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਕਰਨ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਇਸ ਮੌਕੇ ਇਨ੍ਹਾਂ ਮਾਈਕ੍ਰੋ ਅਬਜ਼ਰਵਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਉਨ੍ਹਾਂ ਦੀ ਜ਼ਿੰਮੇਂਵਾਰੀ 19 ਮਈ ਨੂੰ ਸਵੇਰੇ 6 ਵਜੇ ‘ਮੋਕ ਪੋਲ’ ਦੀ ਨਿਗਰਾਨੀ ਨਾਲ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਮਤਦਾਨ ਪ੍ਰਕਿਰਿਆ ਸਮਾਪਤ ਹੋਣ ਤੱਕ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਮਤਦਾਨ ਕੇਂਦਰ ਵਿੱਚ ਸਮੁੱਚੀ ਪ੍ਰਕਿਰਿਆ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ।
ਉਨ੍ਹਾਂ ਕਿਹਾ ਕਿ ‘ਮੌਕ ਪੋਲ’ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਪ੍ਰੀਜ਼ਾਇਡਿੰਗ ਅਫ਼ਸਰ ਉਮੀਦਵਾਰ ਦੇ ਪੋਲਿੰਗ ਬੂਥ ਏਜੰਟਾਂ ਦੀ ਹਾਜ਼ਰੀ ਵਿੱਚ 1-1 ਵੋਟ ਹਰੇਕ ਈ.ਵੀ.ਐਮ. ਵਿੱਚ ਨੋਟਾ ਸਮੇਤ ਹਰੇਕ ਉਮੀਦਵਾਰ ਨੂੰ ਪਾਉਣ ਅਤੇ ਉਸ ਤੋਂ ਬਾਅਦ ਉਸ ਦਾ ਨਤੀਜਾ ਤੁਰੰਤ ਮੌਕੇ ’ਤੇ ਦਿਖਾ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਈ.ਵੀ.ਐਮਜ਼ ਅਤੇ ਵੀ ਵੀ ਪੀ ਏ ਟੀ ਬਿਲਕੁਲ ਠੀਕ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਮਤਦਾਨ ਦੌਰਾਨ ਹਰੇਕ ਵੋਟਰ ਦੀ ਵੋਟ ਉਸ ਦਾ ਵੋਟਰ ਆਈ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਦੂਸਰੇ ਪਛਾਣ ਪੱਤਰ ਮੁਤਾਬਕ ਹੀ ਪਾਉਣੀ ਯਕੀਨੀ ਬਣਾਈ ਜਾਵੇ। ਕਿਸੇ ਵੀ ਉਮੀਦਵਾਰ ਦੇ ਇੱਕ ਤੋਂ ਵਧੇਰੇ ਪੋਲਿੰਗ ਬੂਥ ਏਜੰਟ ਨੂੰ ਬੂਥ ਅੰਦਰ ਆਉਣ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ। ਪੋਲਿੰਗ ਬੂਥ ਵਿੱਚ ਚੋਣ ਡਿਊਟੀ ਵਾਲੇ ਅਧਿਕਾਰੀਆਂ, ਵੋਟਰਾਂ ਅਤੇ ਉਮੀਦਵਾਰ ਤੋਂ ਬਿਨਾਂ ਕਿਸੇ ਵੀ ਦੂਸਰੇ ਵਿਅਕਤੀ ਦਾ ਦਾਖਲਾ ਸਖਤੀ ਨਾਲ ਵਰਜਿਤ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਵੋਟਰਾਂ ਨੂੰ ਕਤਾਰਾਂ ਵਿੱਚ ਖੜਾ ਰੱਖਿਆ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਨ੍ਹਾਂ ਮਾਈਕ੍ਰੋ ਅਬਜ਼ਰਵਰਾਂ ਨੂੰ ਪੋਲਿੰਗ ਸਟਾਫ਼ ਨੂੰ ਸੌਂਪੀਆਂ ਜਾਣ ਵਾਲੀਆਂ ਗੈਰ-ਹਾਜ਼ਰ ਜਾਂ ਤਬਦੀਲ ਹੋ ਗਏ ਜਾਂ ਮਿ੍ਰਤਕ ਵਿਅਕਤੀਆਂ ਦੀਆਂ ਕੱਟੀਆਂ ਵੋਟਾਂ ਬਾਰੇ ਵਿਸ਼ੇਸ਼ ਸੂਚੀ ’ਤੇ ਵੀ ਸਖ਼ਤੀ ਨਾਲ ਨਿਗਰਾਨੀ ਰੱਖਣ ਲਈ ਆਖਿਆ। ਇਸ ਦੇ ਨਾਲ ਹੀ ਪ੍ਰੀਜ਼ਾਇਡਿੰਗ ਅਫ਼ਸਰ ਵੱਲੋਂ ਭਰੇ ਜਾਣ ਵਾਲੇ ਫ਼ਾਰਮ 17 ਏ ਅਤੇ ਡਾਇਰੀ ਨੂੰ ਵੀ ਨਾਲ ਦੀ ਨਾਲ ਮੁਕੰਮਲ ਕਰਵਾਏ ਜਾਣ ਲਈ ਆਖਿਆ।
ਰੂਪਨਗਰ ਤੋਂ ਆਏ ਸਟੇਟ ਮਾਸਟਰ ਟ੍ਰੇਨਰ ਅਨੀਸ਼ ਕੁਮਾਰ ਸੈਣੀ ਨੇ ਈ ਵੀ ਐਮਜ਼/ਵੀ ਵੀ ਪੀ ਏ ਟੀ ਨੇ ਮਾਈਕ੍ਰੋ ਅਬਜ਼ਰਵਰਾਂ ਨੂੰ ਵੀ ਵੀ ਪੀ ਏ ਟੀ ਨੂੰ ਸਿੱਧੀ ਲਾਈਟ ਤੋਂ ਬਚਾਉਣ, ਈ ਵੀ ਐਮਜ਼/ਵੀ ਵੀ ਪੀ ਏ ਟੀ ’ਤੇ ਆਮ ਦਿਖਾਈ ਦੇਣ ਵਾਲੇ ‘ਐਰਰਜ਼’ ਦਾ ਤੁਰੰਤ ਸਮਾਧਾਨ ਕਰਨ ਦੀਆਂ ਤਕਨੀਕਾਂ ਬਾਰੇ ਵੀ ਦੱਸਿਆ। ਇਸ ਮੌਕੇ ਜ਼ਿਲ੍ਹਾ ਮਾਸਟਰ ਟਰੇਨਰ ਸੁਰਿੰਦਰ ਅਗਨੀਹੋਤਰੀ ਵੱਲੋਂ ਮਾਈਕ੍ਰੋ ਅਬਜ਼ਰਵਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਕੰਟਰੋਲ ਯੂਨਿਟਾਂ, ਬੈਲੇਟ ਯੂਨਿਟਾਂ ਤੇ ਵੀ ਵੀ ਪੀ ਏ ਟੀ ਦੇ ਕੰਮ ਕਰਨ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ ਗਿਆ।
ਮਾਈਕ੍ਰੋ ਅਬਜ਼ਰਵਰਾਂ ਨਾਲ ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ਼ਿਵ ਕੁਮਾਰ ਵੀ ਮੌਜੂਦ ਸਨ।