ਸੁਨਾਮ, 09 ਮਈ 2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਦਾ ਧਰੁਵੀਕਰਨ ਕਰਨ ਲਈ ਬੇਅਦਬੀ ਵਰਗੀਆਂ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਫਿਰਕੂ ਅਕਾਲੀਆਂ ਨੂੰ ਖਦੇੜਨ ਲਈ ਇਕਜੁਟ ਹੋ ਕੇ ਵੋਟਾਂ ਪਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਆਖਿਆ ਕਿ ਸ਼ਹੀਦਾਂ ਦੀ ਇਹ ਧਰਤੀ ਉਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣੀ ਜਿਨਾਂ ਨੇ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਸਾਂਝੇ ਮੁਲਕ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਸਮਰਥਨ ਵਿੱਚ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਨਰਿੰਦਰ ਮੋਦੀ ਅਤੇ ਉਸ ਦੀ ਪਾਰਟੀ ਭਾਜਪਾ ਨੂੰ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਖੇਰੂੰ-ਖੇਰੂੰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਨਾ ਹੋਣ ਦੇਣ।
ਮੁੱਖ ਮੰਤਰੀ ਨੇ ਤਹੱਈਆ ਕੀਤਾ ਕਿ ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰ ਕੇ ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ’ਚ ਜਿਹੜਾ ਵੀ ਸ਼ਾਮਲ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਬਾਦਲ ਜਾਂ ਹੋਰ ਕੋਈ ਵੀ ਹੋਵੇ। ਉਨਾਂ ਕਿਹਾ ਕਿ ਇਨਾਂ ਲੋਕਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਵਾਲੀ ਨਿਹੱਥੀ ਸੰਗਤ ’ਤੇ ਗੋਲੀਆਂ ਚਲਾਉਣ ਅਤੇ ਕੀਤੇ ਹੋਰ ਪਾਪਾਂ ਦਾ ਹਿਸਾਬ ਦੇਣਾ ਹੀ ਪਵੇਗਾ।
ਮੰਚ ’ਤੇ ਮੁੱਖ ਮੰਤਰੀ ਨੂੰ ਸ਼ਹੀਦ ਊਧਮ ਸਿੰਘ ਦਾ ਚਿੱਤਰ ਭੇਟ ਕੀਤਾ ਗਿਆ। ਉਨਾਂ ਨੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਇਸ ਯੋਧੇ ਦੀ ਨਿਸ਼ਕਾਮ ਕੁਰਬਾਨੀ ਅੱਜ ਵੀ ਭਾਰਤ ਦੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਉਨਾਂ ਨੇ ਉਸ ਦੌਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਲਿਆਂਵਾਲਾ ਬਾਗ਼ ਵਿੱਚ ਬੇਕਸੂਰ ਭਾਰਤੀਆਂ ਦੀ ਹੱਤਿਆ ਦੇ ਰੋਸ ਵਿੱਚ ਊਧਮ ਸਿੰਘ ਜਲਿਆਂਵਾਲਾ ਬਾਗ਼ ਦੀ ਰੱਤ ਨਾਲ ਭਿੱਜੀ ਮਿੱਟੀ ਨੂੰ ਬੋਤਲ ਵਿੱਚ ਪਾ ਕੇ ਸਾਲਾਂ ਬੱਧੀ ਆਪਣੇ ਸਿਰਹਾਣੇ ਰੱਖਦਾ ਰਿਹਾ। ਉਨਾਂ ਕਿਹਾ ਕਿ ਇਹ ਲੋਕ ਵੱਖਰੀ ਤਬੀਅਤ ਦੇ ਮਾਲਕ ਸਨ। ਉਨਾਂ ਨੇ ਲੋਕਾਂ ਨੂੰ ਫਿਰਕੂ ਤਾਕਤਾਂ ਤੋਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਨੂੰ ਬਰਬਾਦ ਹੋਣ ਤੋਂ ਬਚਾਉਣ ਦਾ ਸੱਦਾ ਦਿੱਤਾ।
ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ’ਤੇ ਹਮਲਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ ਲਈ ਸਿੱਧੇ ਤੌਰ ’ਤੇ ਪੰਜਾਬ ਦੇ ਇਸ ਸਾਬਕਾ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਇੱਥੇ ਬਸ ਨਹੀਂ ਢੀਂਡਸਾ ਦੇ ਵਿੱਤ ਮੰਤਰੀ ਹੁੰਦਿਆਂ ਹੀ ਸਾਡੀਆਂ ਆਉਣ ਵਾਲੀਆ ਪੀੜੀਆਂ ਨੂੰ 31 ਹਜ਼ਾਰ ਕਰੋੜ ਰੁਪਏ ਦੇ ਵਾਧੂ ਕਰਜ਼ੇ ਦੇ ਬੋਝ ਥੱਲੇ ਦੱਬ ਦਿੱਤਾ।
ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀਆਂ ਨੇ ਸੂਬੇ ਨੂੰ ਤਬਾਹ ਕਰ ਕੇ ਰੱਖ ਦਿੱਤਾ। ਉਨਾਂ ਨੇ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਕੀਤੇ ਵਾਅਦੇ ਮੁਤਾਬਕ 10.25 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਸ਼ੁਰੂ ਕੀਤੀ ਕਰਜ਼ਾ ਮੁਆਫੀ ਸਕੀਮ ਨੂੰ ਹਰ ਹਾਲ ਵਿੱਚ ਮੁਕੰਮਲ ਕਰੇਗੀ। ਉਨਾਂ ਕਿਹਾ,‘‘ਕਿ ਜੇਕਰ ਅਸੀਂ ਪੰਜਾਬ ਵਿੱਚ ਵਿੱਤੀ ਸੰਕਟ ਹੋਣ ਦੇ ਬਾਵਜੂਦ ਕਿਸਾਨਾਂ ਲਈ ਇਹ ਸਕੀਮ ਚਲਾ ਸਕਦੇ ਹਾਂ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਇਹ ਕਿਉਂ ਨਹੀਂ ਕਰ ਸਕਿਆ।’’ ਉਨਾਂ ਕਿਹਾ ਕਿ ਭਾਵੇਂ ਮੁਲਕ ਦੇ ਦੂਜੇ ਸੂਬੇ ਵੀ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਵਿੱਤੀ ਰੂਪ ਵਿੱਚ ਸਭ ਤੋਂ ਵੱਧ ਰਾਹਤ ਉਨਾਂ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੀ ਹੈ। ਉਨਾਂ ਦੁਹਰਾਇਆ ਕਿ ਕਰਜ਼ਾ ਰਾਹਤ ਸਿਰਫ ਇਕ ਆਰਜ਼ੀ ਉਪਰਾਲਾ ਹੈ ਜਦਕਿ ਮੁਲਕ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਇਕੋ-ਇਕ ਹੱਲ ਐਮ.ਐਸ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰਾਂ ਲਾਗੂ ਕਰਨਾ ਹੈ।
ਮੁੱਖ ਮੰਤਰੀ ਨੇ 42 ਵਰੇ ਪਹਿਲਾਂ ਸੁਨਾਮ ਵਿੱਚ ਕੀਤੀ ਪਹਿਲੀ ਚੋਣ ਮੁਹਿੰਮ ਨੂੰ ਚੇਤੇ ਕੀਤਾ ਜੋ ਉਸ ਵੇਲੇ ਪਟਿਆਲਾ ਲੋਕ ਸਭਾ ਹਲਕੇ ਦਾ ਹਿੱਸਾ ਹੁੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਵੀ ਲੋਕ ਪਹਿਲਾਂ ਵਾਂਗ ਹੀ ਪਿਆਰ ਕਰਦੇ ਹਨ। ਉਨਾਂ ਨੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਅਤੇ ਇਸੇ ਤਹਿਤ ਹੀ ਸਰਕਾਰੀ, ਪ੍ਰਾਈਵੇਟ ਅਤੇ ਸਵੈ-ਰੁਜ਼ਗਾਰ ਵਿੱਚ ਰੁਜ਼ਗਾਰ ਮੁਹੱਈਆ ਕਰਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਖੇਤਰ ਵਿੱਚ ਅਜੇ 1.2 ਲੱਖ ਅਸਾਮੀਆਂ ਖਾਲੀ ਹਨ ਜਿਨਾਂ ਨੂੰ ਅਕਾਲੀਆਂ ਨੇ ਭਰਨ ਦੀ ਬਜਾਏ ਫੰਡ ਤੇ ਵਸੀਲੇ ਹੋਰ ਪਾਸੇ ਲੁਟਾ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਸਾਲ ਵਿੱਚ ਇਹ ਨੌਕਰੀਆਂ ਨੌਜਵਾਨਾਂ ਨੂੰ ਪੜਾਅਵਾਰ ਦਿੱਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਕੀਤੇ ਪ੍ਰਣ ਤਹਿਤ ਨਸ਼ਾ ਮਾਫੀਏ ਦਾ ਲੱਕ ਤੋੜ ਦਿੱਤਾ ਹੈ। ਉਨਾਂ ਕਿਹਾ ਕਿ ਐਸ.ਆਈ.ਟੀ. ਅਤੇ ਪੰਜਾਬ ਪੁਲਿਸ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਇਨਾਂ ਲੋਕਾਂ ਨੂੰ ਲੱਭ ਕੇ ਕਾਬੂ ਕਰਨ ਲਈ ਦੂਜੇ ਉੱਤਰੀ ਭਾਰਤੀ ਸੂਬਿਆਂ ਨਾਲ ਨੇੜਿਓਂ ਤਾਲਮੇਲ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਪੜਣ ਲਈ ਮੋਬਾਈਲ ਦੇਣ ਦਾ ਵਾਅਦਾ ਵੀ ਛੇਤੀ ਹੀ ਪੂਰਾ ਕੀਤਾ ਜਾ ਰਿਹਾ ਹੈ ਅਤੇ ਫੋਨ ਵੰਡਣ ਦਾ ਪਹਿਲਾ ਪੜਾਅ ਇਨਾਂ ਚੋਣਾਂ ਦੇ ਮੁੱਕਣ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਦਸਵੀਂ ਜਮਾਤ ਦੇ ਆਏ ਨਤੀਜਿਆਂ ਨੇ ਸੂਬੇ ਵਿੱਚ ਸਿੱਖਿਆ ਦੇ ਸੁਧਾਰ ਲਈ ਉਨਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਿੱਧ ਕਰ ਦਿੱਤਾ ਹੈ। ਇਸ ਮੌਦੇ ਮੁੱਖ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਮਤਿਹਾਨਾਂ ’ਚੋ ਪਾਸ ਹੋਣ ਵਾਲੇ ਦਸਵੀਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਿੱਖਿਆ ਵਿਭਾਗ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਵਾਰ 88.21 ਫੀਸਦੀ ਪਾਸ ਪ੍ਰਤੀਸ਼ਤਤਾ ਦਾ ਰਿਕਾਰਡ ਕਾਇਮ ਹੋਇਆ ਹੈ ਜੋ ਪਿਛਲੇ ਸਾਲ ਨਾਲੋਂ 30 ਫੀਸਦੀ ਵੱਧ ਹੈ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਮੁਹਿੰਮ ਦੇ ਚੇਅਰਮੈਨ ਲਾਲ ਸਿੰਘ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।