ਐੱਸ.ਏ.ਐੱਸ ਨਗਰ 9 ਮਈ ,2019: ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਭਵਿੱਖ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰਨ 'ਦਾ ਸ਼ੁਭ ਸੰਕੇਤ ਹੈ। ਸਕੱਤਰ ਸਿੱਖਿਆ ਵਿਭਾਗ ,ਪੰਜਾਬ ਕ੍ਰਿਸ਼ਨ ਕੁਮਾਰ ਨੇ ਐਜੂਸੈੱਟ ਰਾਹੀਂ ਸਰਕਾਰੀ ਸਕੂਲਾਂ ਦੇ ਦਸਵੀਂ ਦੇ ਸ਼ਾਨਦਾਰ ਨਤੀਜਿਆਂ ਸੰਬੰਧੀ ਸੰਤੁਸ਼ਟੀ ਅਤੇ ਖੁਸ਼ੀ ਜਾਹਰ ਕਰਦਿਆਂ ਸਮੂਹ ਅਧਿਆਪਕਾਂ ,ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ।ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਵਿਭਾਗ ਦੇ ਮਿਹਨਤੀ, ਤਜਰਬੇਕਾਰ ਅਤੇ ਕਰਮਯੋਗੀ ਅਧਿਆਪਕਾਂ ਨੂੰ ਜਾਂਦਾ ਹੈ । ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਾਇਅਬ , ਡੀ. ਪੀ. ਆਈ ਸੈਕੰਡਰੀ ਸੁਖਜੀਤਪਾਲ ਸਿੰਘ ਅਤੇ ਡੀ. ਪੀ. ਆਈ ਅੈਲੀਮੈਂਟਰੀ ਇੰਦਰਜੀਤ ਸਿੰਘ ਵੀ ਮੌਜੂਦ ਰਹੇ |
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨੇ ਕੜਾਕੇ ਦੀਆਂ ਸਰਦੀਆਂ ਤੇ ਅੰਤਾਂ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ, ਗਜ਼ਟਿਡ ਛੁੱਟੀਆਂ ਤੇ ਤਿਉਹਾਰਾਂ ਵਾਲੇ ਦਿਨਾਂ ਵਿੱਚ ਵਾਧੂ ਕਲਾਸਾਂ ਲਗਾ ਕੇ ਵਿਦਿਆਰਥੀਆਂ ਦੇ ਚੰਗੇ ਨਤੀਜਿਅਾਂ ਲਈ ਮਿਹਨਤ ਕਰਵਾਈ ਹੈ | ਪਾਠਕ੍ਰਮ ਦੀ ਦੁਹਰਾਈ ਅਤੇ ਸਮਝ ਨਾਲ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਮਿਲਿਅਾ ਹੈ ਕਿ ਸਰਕਾਰੀ ਸਕੂਲਾਂ ਦੀ ਬਹੁ ਗਿਣਤੀ ਨੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।ਇਥੇ ਹੀ ਬੱਸ ਨਹੀਂ ਅਧਿਆਪਕਾਂ ਨੇ ਬੱਚਿਆਂ ਦਾ ਵਿਸ਼ਾਵਾਰ ਮੁਲਾਂਕਣ ਕਰਕੇ ਵਿਸ਼ੇ ਵਿੱਚ ਕਮਜ਼ੋਰ ਪੱਖਾਂ ਦੀ ਪੜਤਾਲ ਕਰਕੇ ਸਿੱਖਣ ਦੇ ਉੱਚ ਪੱਧਰ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਿਸ ਸਦਕਾ ਸਾਲ 2018 ਦੀ ਨਿਸਬਤ ਇਸ ਸਾਲ ਨਤੀਜੇ ਵਿਚ 28.06% ਇਜ਼ਾਫਾ ਹੋਇਆ । ਨਤੀਜੇ ਸੰਬੰਧੀ ਉਨ੍ਹਾਂ ਸਕੂਲ ਮੁਖੀਆਂ ਤੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ੳੁਤਸ਼ਾਹਿਤ ਕਰਦਿਅਾਂ ਕਿਹਾ ਕਿ ਪਿਛਲੇ ਵਿੱਦਿਅਕ ਵਰ੍ਹੇ ਵਿੱਚ 100 ਫੀਸਦੀ ਨਤੀਜਾ ਦੇਣ ਵਾਲੇ ਲਗਭਗ 104 ਸਰਕਾਰੀ ਸਕੂਲ ਹੀ ਸਨ ਅਤੇ ਸਕੂਲ ਮੁਖੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਗਲੇ ਸਾਲ ੳੁਹ ਬਿਹਤਰ ਨਤੀਜਿਆਂ ਲਈ ਸਿੱਖਿਅਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕਰਨਗੇ| ਨਤੀਜਨ ਇਸ ਵਰ੍ਹੇ ਸੌ ਫੀਸਦੀ ਨਤੀਜੇ ਦੇਣ ਵਾਲੇ ਸਕੂਲਾਂ ਦੀ ਗਿਣਤੀ ਕੁੱਲ 3582 ਸਰਕਾਰੀ ਸਕੂਲਾਂ ਵਿੱਚੋਂ 940 ਹੋ ਗਈ ਹੈ। ਇਸ ਤੋਂ ਇਲਾਵਾ 90 ਫੀਸਦੀ ਜਾਂ 90 ਫੀਸਦੀ ਤੋਂ ਵੱਧ ਨਤੀਜਾ ਦੇਣ ਵਾਲੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਲਗਭਗ 2260 ਹੈ। ੳੁਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਹਰ ਪ੍ਰਸਥਿਤੀ ਵਿੱਚ ਖਰੇ ਉਤਰਨ ਦਾ ਮਾਦਾ ਰੱਖਦੇ ਹਨ । ਇਮਤਿਹਾਨਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੇ ਮਾਪਿਆਂ ਨਾਲ ਫੋਨ ਸੰਪਰਕ ਰਾਹੀਂ ਵਿਦਿਆਰਥੀਆਂ ਨੂੰ ਘਰ ਵਿੱਚ ਵੀ ਵੱਧ ਤੋਂ ਵੱਧ ਮਿਹਨਤ ਲਈ ਪ੍ਰੇਰਿਤ ਕੀਤਾ ਸੀ । ਉਨ੍ਹਾਂ ਕਿਹਾ ਕਿ ਸਕੂਲ ਮੁੱਖੀ ਵੀ ਇਸ ਪੱਖੋਂ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪ ਵੀ ਵਿਦਿਆਰਥੀਆਂ ਦੀਆਂ ਜਮਾਤਾਂ ਲਈਆਂ। ਵਿਭਾਗ ਨੇ ਹਮੇਸ਼ਾ ਅਧਿਆਪਕਾਂ ਨੂੰ ਹੱਲਾਸ਼ੇਰੀ ਅਤੇ ਸਹਿਯੋਗ ਦਿੱਤਾ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਸਿੱਖਿਆ ਸਕੱਤਰ ਨੇ ਪਠਾਨਕੋਟ ਜ਼ਿਲ੍ਹੇ ਦੇ ਪਾਸ ਪ੍ਰਤੀਸ਼ਤਤਾ ਵਿੱਚ ਸਮੁੱਚੇ ਪੰਜਾਬ 'ਚੋਂ ਅੱਵਲ ਰਹਿਣ ਸੰਬੰਧੀ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਮੁਬਾਰਕਬਾਦ ਦਿੱਤੀ । ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਨੇ ਸਾਲ 2018 ਦੇ ਨਤੀਜੇ ਤੋਂ ਰਿਕਾਰਡ ਵਾਧਾ ਦਰਜ ਕੀਤਾ ਹੈ ਜੋ ਕਾਬਿਲੇ ਤਾਰੀਫ਼ ਹੈ। ਉਹਨਾਂ ਕਿਹਾ ਕਿ ਵਿਭਾਗ ਦੇ ਸਮੂਹ ਨੋਡਲ ਅਫ਼ਸਰ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੇ ਆਪਣੇ ਜ਼ਿਲ੍ਹੇ ਦੀ ਕਮਾਨ ਬਾਖੂਬੀ ਸੰਭਾਲਦਿਆਂ ਅਧਿਆਪਕ ਸਾਹਿਬਾਨਾਂ ਦਾ ਹਰ ਸਮੇਂ ਮਾਰਗ ਦਰਸ਼ਨ ਕੀਤਾ। ਸਿੱਖਿਆ ਸਕੱਤਰ ਨੇ ਕਿਹਾ ਕਿ ਜੇਕਰ ਕਿਸੇ ਕੰਮ ਨੂੰ ਮਿਹਨਤ ਨਾਲ ਨੇਪਰੇ ਚੜ੍ਹਾਉਣ ਲਈ ਸਿਰਤੋੜ ਯਤਨ ਕੀਤੇ ਜਾਣ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਸਮੁੱਚਾ ਸਿੱਖਿਆ ਵਿਭਾਗ ਦਸਵੀਂ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਾ ਹੱਕਦਾਰ ਹੈ।