ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ।
ਪਟਿਆਲਾ, 09 ਮਈ 2019: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਪਟਿਆਲਾ ਜ਼ਿਲੇ ਦੇ ਪਿੰਡ ਕਕਰਾਲਾ, ਸਵਾਜਪੁਰ, ਵਜੀਦਪੁਰ, ਸੈਣੀ ਮਾਜਰਾ, ਦਿਲਾਵਰਪੁਰ, ਢਕੜੱਬਾ, ਮਹਿਮਦਪੁਰ, ਸ਼ੇਖੁਪੁਰ, ਸੁਲਤਾਨਪੁਰ, ਭੇਡਪੁਰਾ ਅਤੇ ਪਹਾੜਪੁਰ ਸਮੇਤ ਦਰਜਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖਦੇ ਹੋਏ ਕਾਂਗਰਸੀ ਅਤੇ ਅਕਾਲੀ ਬੁਖਲਾ ਗਏ ਹਨ, ਜਿਸਦੇ ਚਲਦਿਆਂ ਉਹ ਲਗਾਤਾਰ ਮੇਰੇ ਪੋਸਟਰ ਅਤੇ ਬੈਨਰ ਪਾੜ ਰਹੇ ਹਨ ਅਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦੇ ਵਰਕਰ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਡਾ. ਗਾਂਧੀ ਦਾ ਚੋਣ ਨਿਸ਼ਾਨ ਝਾੜੂ ਹੈ, ਜਦਕਿ ਲੋਕ ਸਭਾ ਪਟਿਆਲਾ ਦੇ ਲੋਕ ਭਲੀ-ਭਾਂਤ ਜਾਣੂ ਹਨ ਕਿ ਮੇਰਾ ਚੋਣ ਨਿਸ਼ਾਨ "ਮਾਈਕ" ਹੈ ਅਤੇ ਇਹ ਮਾਈਕ ਸੰਸਦ ਵਿੱਚ ਲੋਕਾਂ ਦੀ ਅਵਾਜ਼ ਬੁਲੰਦ ਕਰੇਗਾ। ਉਹਨਾਂ ਕਿਹਾ ਆਮ ਆਦਮੀ ਪਾਰਟੀ ਵੀ ਹੁਣ ਕਾਂਗਰਸੀ ਦੀ 'ਬੀ' ਟੀਮ ਵਜੋਂ ਕੰਮ ਕਰ ਰਹੀ ਹੈ।
ਡਾ. ਗਾਂਧੀ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਪੰਜ ਸਾਲਾਂ ਵਿੱਚ ਕੀਤੇ ਕੰਮਾਂ ਨੂੰ ਲੈ ਕੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਰਿਹਾ ਹਾਂ ਅਤੇ ਆਪਣਾ ਰਿਪੋਰਟ ਕਾਰਡ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਕੇ ਵੋਟਾਂ ਦੀ ਮੰਗ ਕਰ ਰਿਹਾਂ ਹਾਂ। ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਅਕਾਲੀ, ਭਾਜਪਾ ਜਾਂ ਕਾਂਗਰਸ ਦੇ ਐਮ.ਪੀ ਨੇ ਪਾਰਲੀਮੈਂਟ ਵਿੱਚ ਸਿੱਖਾਂ ਲਈ ਵੱਖਰਾ ਸਿੱਖ ਮੈਰਿਜ਼ ਐਕਟ ਬਣਾਉਣ ਦੀ ਮੰਗ ਨਹੀਂ ਕੀਤੀ, ਜਦਕਿ ਮੈਂ ਪਹਿਲੀ ਵਾਰ ਐਮ.ਪੀ ਬਣਨ ਉਪਰੰਤ ਹੀ ਸਿੱਖ ਮੈਰਿਜ਼ ਐਕਟ ਬਣਾਉਣ ਲਈ ਸੰਸਦ ਵਿੱਚ ਬਿੱਲ ਪੇਸ਼ ਕਰ ਚੁੱਕਿਆ ਹਾਂ ਅਤੇ ਇਸ ਵਾਰ ਜਿੱਤਣ ਉਪਰੰਤ ਮੈਂ ਪਹਿਲ ਦੇ ਅਧਾਰ 'ਤੇ ਇਹ ਬਿੱਲ ਪਾਸ ਕਰਾਵਾਂਗਾ। ਡਾ. ਗਾਂਧੀ ਨੇ ਕਿਹਾ ਕਿ ਮੈਂ ਪਾਰਲੀਮੈਂਟ ਵਿੱਚ ਹਰ ਧਰਮ ਦੇ ਲੋਕਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ ਹੈ।
ਡਾ. ਗਾਂਧੀ ਨੇ ਕਿਹਾ ਕਿ ਜਿਸ ਤਰਾਂ ਮੈਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਵੱਲੋਂ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਿਹਾ ਹਾਂ ਉਸੇ ਤਰਾਂ ਸ਼੍ਰੀਮਤੀ ਪ੍ਰਨੀਤ ਕੌਰ ਆਪਣੇ 15 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਅਤੇ ਸ. ਸੁਰਜੀਤ ਸਿੰਘ ਰੱਖੜਾ ਵੀ ਲੋਕਾਂ ਨੂੰ ਦੱਸਣ ਕਿ ਉਹਨਾਂ ਕਿਹੜੇ ਵਿਕਾਸ ਦੇ ਕੰਮ ਕੀਤੇ ਹਨ।