ਮੋਗਾ/ਧਰਮਕੋਟ/ਬਾਘਾ ਪੁਰਾਣਾ/09ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਉਹਨਾਂ ਦੇ ਰੱਬ ਦੇ ਇਨਸਾਫ ਵਿਚ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਪੰਥ ਦੀ ਜਥੇਬੰਦੀ ਦੇ ਪ੍ਰਧਾਨ ਦੀ ਹੈਸੀਅਤ ਵਿਚ ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਘਿਨੌਣਾ ਪਾਪ ਕੀਤਾ ਜਾਂ ਕਰਵਾਇਆ ਹੈ, ਉਹਨਾਂ ਦਾ ਖਾਨਦਾਨ ਖ਼ਤਮ ਹੋ ਜੇ। ਜਿਹੜੇ ਲੋਕ ਇਸ ਬੇਅਦਬੀ ਦੇ ਨਾਂ ਤੇ ਸਿਆਸਤ ਕਰਦੇ ਹਨ, ਉਹਨਾਂ ਦਾ ਵੀ ਖਾਨਦਾਨ ਖ਼ਤਮ ਹੋ ਜੇ।
ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਬਤੌਰ ਮੁੱਖ ਮੰਤਰੀ ਆਪਣੀ ਨਾਕਾਮੀਆਂ ਨੂੰ ਲੁਕੋਣ ਲਈ ਬੇਅਦਬੀ ਦੇ ਮੁੱਦੇ ਦੀ ਦੁਰਵਰਤੋਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਵਿਕਾਸ, ਵਧੀਆ ਪ੍ਰਸਾਸ਼ਨ ਅਤੇ ਲੋਕ ਭਲਾਈ ਦੇ ਮੁੱਦਿਆਂ ਤੋਂ ਭੱਜ ਰਿਹਾ ਹੈ, ਜਦਕਿ ਉਸ ਨੂੰ ਸਿਰਫ ਇਹਨਾਂ ਮੁੱਦਿਆਂ ਉੱਤੇ ਵੀ ਵੋਟਾਂ ਮੰਗਣੀਆਂ ਚਾਹੀਦੀਆਂ ਹਨ। ਉਸ ਅੰਦਰ ਆਪਣੀ ਕਾਰਗੁਜ਼ਾਰੀ ਦੇ ਨਾਂ ਉੱਤੇ ਇੱਕ ਵੀ ਵੋਟ ਮੰਗਣ ਦੀ ਹਿੰਮਤ ਨਹੀਂ ਹੈ।
ਪ੍ਰਸਾਸ਼ਨ ਦੇ ਮੁੱਦੇ ਵੱਲ ਪਰਤਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਦੋ ਉਹ ਸੂਬੇ ਅੰਦਰ ਅਗਲੀ ਸਰਕਾਰ ਬਣਾਉਣਗੇ ਤਾਂ ਪੇਂਡੂ ਪੰਜਾਬ ਦੀ ਕਾਇਆ ਕਲਪ ਕਰਨੀ ਅਤੇ ਸ਼ਹਿਰੀ ਇਲਾਕਿਆਂ ਅੰਦਰ ਸਹੂਲਤਾਂ ਵਿਚ ਵਾਧਾ ਕਰਨਾ ਉਹਨਾਂ ਦੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਮੁੱਖਤਾ ਹੋਵੇਗੀ।
ਉਹਨਾਂ ਕਿਹਾ ਕਿ ਇਹ ਗੱਲ ਕਾਂਗਰਸ ਦੀ ਸੋਚ ਤੋਂ ਪਹਿਲਾਂ ਵਾਪਰੇਗੀ।ਉਸ ਤੋਂ ਪਹਿਲਾਂ ਅਸੀਂ ਭਾਰਤ ਸਰਕਾਰ ਅੰਦਰ ਆਪਣੇ ਰਸੂਖ ਨੂੰ ਵਰਤ ਕੇ ਪੰਜਾਬ ਦਾ ਆਧੁਨਿਕੀਕਰਨ ਕਰਨ ਲਈ ਕੇਂਦਰੀ ਪ੍ਰਾਜੈਕਟ ਅਤੇ ਸਕੀਮਾਂ ਲੈ ਕੇ ਆਵਾਂਗੇ। ਉਹਨਾਂ ਕਿਹਾ ਕਿ ਜਦੋਂ ਸੱਤਾ ਸਾਡੇ ਹੱਥ ਵਿਚ ਆ ਗਈ ਤਾਂ ਪੰਜਾਬ ਦੇ ਸਾਰੇ 12500 ਪਿੰਡਾਂ ਅੰਦਰ ਸ਼ਹਿਰਾਂ ਵਾਂਗ ਪੀਣ ਵਾਲਾ ਸਾਫ ਪਾਣੀ,ਸੀਵਰੇਜ, ਪੱਕੀਆਂ ਸੜਕਾਂ ਅਤੇ ਗਲੀਆਂ ਵਿਚ ਰੌਸ਼ਨੀ ਦਾ ਪ੍ਰਬੰਧ ਵਰਗੀਆਂ ਸਹੂਲਤਾਂ ਹੋਣਗੀਆਂ।
ਅੱਜ ਇੱਥੇ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਿਆ ਹੈ। ਉਹਨਾਂ ਕਿਹਾ ਕਿ ਅੱਜ ਉਹ ਮੁਕੰਮਲ ਕਰਜ਼ਾ ਮੁਆਫੀ, ਘਰ ਘਰ ਰੁਜ਼ਗਾਰ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, ਦਲਿਤਾਂ ਅਤੇ ਗਰੀਬਾਂ ਨੂੰ 400 ਯੂਨਿਟ ਮੁਫਤ ਬਿਜਲੀ, ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ, ਗਰੀਬਾਂ ਨੂੰ ਆਟਾ-ਦਾਲ ਦੇ ਨਾਲ ਖੰਡ ਮੁਫਤ ਦੇਣ ਦੀ ਗੱਲ ਕਰਦਾ ਵੀ ਸੁਣਾਈ ਨਹੀਂ ਦਿੰਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਦੇ ਉਲਟ ਕੈਪਟਨ ਖਜ਼ਾਨਾ ਖਾਲੀ ਹੋਣ ਦਾ ਝੂਠਾ ਬਹਾਨਾ ਬਣਾ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ-ਪੱਖੀ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ 1500 ਕਰੋੜ ਰੁਪਏ ਦੀਆਂ ਪੈਨਸ਼ਨਾਂ, 200 ਕਰੋੜ ਰੁਪਏ ਦੇ ਸ਼ਗਨ ਅਤੇ ਸਾਰੇ ਦਲਿਤ ਵਜ਼ੀਫਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ 800 ਤੋਂ ਵੱਧ ਸਰਕਾਰੀ ਸਕੂਲ ਬੰਦ ਕਰ ਦਿੱਤੇ। ਗਰੀਬ ਹੋਣਹਾਰ ਬੱਚਿਆਂ ਲਈ ਖੋਲ੍ਹੇ ਮੈਰੀਟੋਰੀਅਸ ਸਕੂਲ ਬੰਦ ਕਰ ਦਿੱਤੇ ਅਤੇ ਲਗਭਗ ਸਾਰੇ ਹੀ ਸੁਵਿਧਾ ਕੇਂਦਰਾਂ ਨੂੰ ਤਾਲੇ ਜੜ ਦਿੱਤੇ। ਉਹਨਾਂ ਕਿਹਾ ਕਿ ਉਹ ਦੇਸ਼ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ।