ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 9 ਮਈ - ਸਵ: ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਜ਼ਦੀਕੀ ਰਹੇ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸ੍ਰੀ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਦੀ ਭਾਵੇਂ ਕੋਈ ਕਾਹਲ ਨਹੀਂ ਹੈ ਪਰ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਨਰਿੰਦਰ ਮੋਦੀ ਨੂੰ ਸੱਤਾ ਤੋਂ ਬਾਹਰ ਕਰਨਾ ਜਰੂਰੀ ਹੈ। ਸਥਾਨਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਘਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪਿਤਰੋਦਾ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ 'ਤੇ ਇਸ ਗੱਲ ਦਾ ਵੀ ਰੰਝ ਕੀਤਾ ਕਿ ਉਹ ਉਨ੍ਹਾਂ ਦੇ ਨਾਂਅ 'ਤੇ ਘਟੀਆ ਇਲਜਾਮਾਂ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜ ਗੇੜਾਂ ਦੀਆਂ ਚੋਣਾਂ ਨੇ ਇਹ ਤੈਅ ਕਰ ਦਿੱਤਾ ਹੈ ਕਿ ਐਨ. ਡੀ. ਏ. ਦੀ ਸਰਕਾਰ ਕੋਲੋਂ ਦੇਸ਼ ਨੂੰ ਛੁਟਕਾਰਾ ਮਿਲ ਰਿਹਾ ਹੈ ਅਤੇ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ।
ਜੈਪੁਰ, ਅਹਿਮਦਾਬਾਦ, ਇੰਦੌਰ, ਚੰਡੀਗੜ੍ਹ ਵਰਗੇ ਸ਼ਹਿਰਾਂ ਦਾ ਦੌਰਾ ਕਰਨ ਉਪਰੰਤ ਇਥੇ ਪੁੱਜੇ ਸ੍ਰੀ ਪਿਤਰੋਦਾ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਅੱਜ ਬੇਕਾਰੀ ਦੇ ਆਲਮ 'ਚ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਜਦੋਂ ਕਿ ਦੇਸ਼ 'ਚ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਬਹਿਸ ਕਰਨ ਤੋਂ ਵੀ ਡਰਦੇ ਹਨ ਅਤੇ ਝੂਠ 'ਤੇ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਕ ਗੁਜ਼ਰਾਤੀ ਹਨ ਅਤੇ ਗੁਜਰਾਤ ਦੇ ਵਿਅਕਤੀ ਇੰਨਾਂ ਝੂਠ ਨਹੀਂ ਬੋਲਦੇ, ਜਿੰਨਾਂ ਅੱਜ ਕੱਲ ਸ੍ਰੀ ਮੋਦੀ ਬੋਲ ਰਹੇ ਹਨ।
ਟੈਲੀਕਾਮ ਦੀ ਕ੍ਰਾਂਤੀ ਲਈ ਜਾਣੇ ਜਾਂਦੇ ਸ੍ਰੀ ਪਿਤਰੋਦਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਦੇਸ਼ 'ਚ ਨੌਜਵਾਨਾਂ ਲਈ ਵੱਖ-ਵੱਖ ਖੇਤਰਾਂ 'ਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਕਿਸਾਨੀ ਦੀ ਦਸ਼ਾ ਸੁਧਾਰੀ ਜਾਵੇਗੀ। ਜਦੋਂ ਉਨ੍ਹਾਂ ਨੂੰ ਪੰਜਾਬ 'ਚ ਨੌਕਰੀਆਂ ਦਾ ਵਾਅਦਾ ਲੈ ਕੇ ਆਈ ਕਾਂਗਰਸ ਸਰਕਾਰ ਦੇ ਰੋਜ਼ਗਾਰ ਦੇਣ ਤੋਂ ਅਸਫਲ ਰਹਿਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆਉਣਗੇ।
ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਅੰਮ੍ਰਿਤਸਰ ਨਾਲ ਸਬੰਧਤ ਕਾਂਗਰਸ ਦੇ ਸਟਾਰ ਪ੍ਰਚਾਰਕ ਸ: ਨਵਜੋਤ ਸਿੰਘ ਸਿੱਧੂ ਰਾਜ 'ਚ ਕਾਂਗਰਸੀ ਉਮੀਦਵਾਰਾਂ ਲਈ ਕਿਉਂ ਪ੍ਰਚਾਰ ਨਹੀਂ ਕਰ ਰਹੇ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਸ: ਸਿੱਧੂ ਇਥੇ ਚੋਣ ਪ੍ਰਚਾਰ ਕਰਨ। ਉਨ੍ਹਾਂ ਇਹ ਵੀ ਮੰਨਿਆ ਕਿ ਕਾਂਗਰਸ ਨੌਜਵਾਨਾਂ ਤੱਕ ਪਹੁੰਚ ਬਣਾਉਣ 'ਚ ਸਫਲ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਗਿਲਜ਼ੀਆਂ ਪ੍ਰਧਾਨ ਓਵਰਸੀਜ਼ ਅਮਰੀਕਾ ਆਦਿ ਆਗੂ ਹਾਜ਼ਰ ਸਨ।