ਹੁਸ਼ਿਆਰਪੁਰ, 11 ਮਈ 2019 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ 1984 ਦੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਕਾਂਗਰਸ ਨੂੰ ਖ਼ੂਬ ਰਗੜਿਆ। ਮੋਦੀ ਨੇ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਾਲਾਂ ਕਾਨੂੰਨ ਦੀ ਨਜ਼ਰ ਤੋਂ ਬਚ ਰਹੇ ਦੋਸ਼ੀਆਂ ਨੂੰ ਜੇਲ੍ਹ ਡੱਕ ਕੇ ਪੀੜਤਾਂ ਨੂੰ ਰਾਹਤ ਦਿੱਤੀ ਹੈ।
ਹੁਸ਼ਿਆਰਪੁਰ 'ਚ ਵੱਡੇ ਪੰਡਾਲ 'ਚ ਲੋਕਾਂ ਦੇ ਇਕੱਠ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ 84 ਦੇ ਕਤਲੇਆਮ ਨਾਲ ਕਾਂਗਰਸ ਪਾਰਟੀ ਦੇ ਦਾਮਨ 'ਤੇ ਇੰਨਾ ਵੱਡਾ ਦਾਗ਼ ਲੱਗ ਚੁੱਕਾ ਹੈ ਕਿ ਆਉਂਦੀਆਂ 50 ਪੀੜ੍ਹੀਆਂ ਵੀ ਇਸ ਦਾਗ਼ ਨੂੰ ਧੋ ਨਹੀਂ ਸਕਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਵਲ ਪੰਜਾਬ ਜਾਂ ਸਿੱਖ ਹੀ ਨਹੀਂ ਸਗੋਂ ਸਮੁੱਚਾ ਹਿੰਦੁਸਤਾਨ ਵੀ ਇਸ 84 ਦੇ ਕਤਲੇਆਮ ਨੂੰ ਭੁੱਲ ਨਹੀਂ ਸਕਦਾ। ਪਰ ਕਾਂਗਰਸ ਖਾਸ ਕਰਕੇ ਗਾਂਧੀ ਪਰਿਵਾਰ ਦੇ ਇਕ ਬਹੁਤ ਕਰੀਬੀ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਬੀਤੇ ਦਿਨੀਂ ਸਮੁੱਚੇ ਮੀਡੀਆ ਸਾਹਮਣੇ ਸ਼ਰੇਆਮ ਕਿਹਾ ਕਿ 'ਜੋ ਹੁਆ ਸੋ ਹੂਆ' ਜਿਸ ਦਾ ਮਤਲਬ ਹੈ ਕਿ ਨਾ ਤਾਂ ਕਾਂਗਰਸ ਨੂੰ ਤੇ ਨਾ ਹੀ ਗਾਂਧੀ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਹੈ।
ਮੋਦੀ ਦੀ ਕਿਸਾਨਾਂ ਨੂੰ ਸਿੱਧੀ ਆਰਥਕ ਲਾਭ ਦੇਣ ਵਾਲੀ ਸਕੀਮ ਵਾਲੇ ਮਾਮਲੇ ਵਿੱਚ ਪੰਜਾਬੀ ਕਿਸਾਨਾਂ ਦੀ ਵਾਰੀ ਅੱਗੇ ਆਉਣ ਦੀ ਗੱਲ ਕਹੀ। ਮੋਦੀ ਨੇ ਕਿਹਾ ਕਿ 23 ਮਈ ਨੂੰ ਸਰਕਾਰ ਮੁੜ ਬਣਨ 'ਤੇ ਹੀ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ। ਮੋਦੀ ਨੇ ਹੁਸ਼ਿਆਰਪੁਰ ਵਿੱਚ ਪੰਜਾਬ ਦੀ ਪਹਿਲੀ ਲੋਕ ਸਭਾ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਪੰਜਾਬ ਆਉਣ ਤੋਂ ਪਹਿਲਾਂ ਹੀ ਮੋਦੀ ਨੇ 1984 ਸਿੱਖ ਕਤਲੇਆਮ ਤੇ ਕਰਤਾਰਪੁਰ ਮਸਲਿਆਂ 'ਤੇ ਹੀ ਕਾਂਗਰਸ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਸੀ। ਨਰੇਂਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿੱਚ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ। ਉੱਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰੈਲੀ ਵਿੱਚ ਪਹੁੰਚੇ ਤੇ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਬਾਦਲ ਨੇ ਖ਼ਦਸ਼ਾ ਜਤਾਇਆ ਕਿ 19 ਮਈ ਨੂੰ ਕਾਂਗਰਸ ਲੋਕ ਸਭਾ ਚੋਣਾਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਐਮਰਜੈਂਸੀ ਸੀ ਮੋਦੀ ਸਿੱਖ ਬਣ ਕੇ ਪੰਜਾਬ ਵਿੱਚ ਰਹੇ ਤੇ ਮੈਂ ਇਨ੍ਹਾਂ ਨੂੰ ਸਰਦਾਰ ਮੋਦੀ ਕਹਿੰਦਾ ਹਾਂ। ਉਨ੍ਹਾਂ ਕਿਹਾ ਕਿ ਮੋਦੀ ਗਰੀਬ ਪਰਿਵਾਰ 'ਚੋ ਉੱਠ ਕੇ ਆਏ ਹਨ। ਬਾਦਲ ਨੇ ਮੋਦੀ ਤੋਂ ਮੰਗ ਕੀਤੀ ਕਿ ਗਰੀਬਾਂ ਦਾ ਕੈਂਸਰ ਦਾ ਇਲਾਜ ਮੁਫ਼ਤ ਕਰ ਦਿਓ।