← ਪਿਛੇ ਪਰਤੋ
ਬਠਿੰਡਾ 11 ਮਈ 2019: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕਾਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਦੀਆਂ ਸ਼ਾਨਦਾਰ ਚਿਮਨੀਆਂ ਨੂੰ ਤੋੜਣ ਤੋਂ ਰੋਕਣ ਲਈ ਉਹਨਾਂ ਨੂੰ ਦੁਬਾਰਾ ਤੋਂ ਇਸ ਹਲਕੇ ਦੀ ਨੁੰਮਾਇਦਗੀ ਸੌਂਪਣ। ਉਹਨਾਂ ਇਹ ਵੀ ਮੰਗ ਕੀਤੀ ਕਿ ਥਰਮਲ ਪਲਾਂਟ ਦੀ ਸਾਰੀ ਜ਼ਮੀਨ ਨੂੰ ਫੁੱਲ-ਪੌਦੇ ਲਗਾ ਕੇ ਹਰੀ-ਭਰੀ ਬਣਾਇਆ ਜਾਵੇ, ਤਾਂ ਇਹ ਸ਼ਹਿਰ ਵਾਸੀਆਂ ਨੂੰ ਤਾਜ਼ੀ ਅਤੇ ਸੁੱਧ ਹਵਾ ਪ੍ਰਦਾਨ ਕਰੇ ਅਤੇ ਇਸ ਤੋਂ ਇਲਾਵਾ ਇਸ ਥਾਂ ਨੂੰ ਸੈਰ ਸਪਾਟੇ ਅਤੇ ਮਨੋਰੰਜਨ ਗਤੀਵਿਧੀਆਂ ਲਈ ਇਸਤੇਮਾਲ ਕੀਤਾ ਜਾਵੇ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਥਰਮਲ ਪਲਾਂਟ ਦੀਆਂ ਚਾਰੇ ਚਿਮਨੀਆਂ ਨੂੰ ਤੋੜਣ ਅਤੇ ਥਰਮਲ ਪਲਾਂਟ ਦੀ ਇੱਕ ਹਜ਼ਾਰ ਏਕੜ ਜ਼ਮੀਨ ਨੂੰ ਵਪਾਰਕ ਹਿੱਤਾਂ ਲਈ ਇਸਤੇਮਾਲ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਵਿੱਤ ਮੰਤਰੀ ਤੋਂ ਜੁਆਬ ਮੰਗਿਆ ਸੀ ਕਿ ਕੀ ਇਹ ਸੱਚ ਹੈ ਜਾਂ ਨਹੀਂ ਅਤੇ ਉਸ ਨੇ ਕੋਈ ਜੁਆਬ ਨਹੀਂ ਦਿੱਤਾ ਹੈ, ਜਿਸ ਦਾ ਸਾਫ ਮਤਲਬ ਹੈ ਕਿ ਉਸ ਦੀ ਨੀਅਤ ਥਰਮਲ ਪਲਾਂਟ ਦੀ ਕੀਮਤੀ ਜ਼ਮੀਨ ਨੂੰ ਵੇਚਣ ਦੀ ਹੈ। ਇਹ ਟਿੱਪਣੀ ਕਰਦਿਆਂ ਕਿ ਉਹ ਇਹਨਾਂ ਚਿਮਨੀਆਂ ਨੂੰ ਤੋੜੇ ਜਾਣ ਅਤੇ ਥਰਮਲ ਪਲਾਂਟ ਦੀ ਜ਼ਮੀਨ ਵੇਚੇ ਜਾਣ ਦਾ ਡਟ ਕੇ ਵਿਰੋਧ ਕਰਨਗੇ, ਬੀਬੀ ਬਾਦਲ ਨੇ ਕਿਹਾ ਕਿ ਇਸ ਪ੍ਰਸਤਾਵ ਖਿਲਾਫ ਮੈਂ ਇੱਕ ਲੋਕ ਅੰਦੋਲਨ ਸ਼ੁਰੂ ਕਰਾਂਗੇ ਅਤੇ ਇਸ ਜ਼ਮੀਨ ਦੀ ਲੋਕ-ਹਿੱਤਾਂ ਵਾਸਤੇ ਵਰਤੋਂ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕਰਾਂਗੇ। ਉਹਨਾਂ ਕਿਹਾ ਕਿ ਇਸ ਇਲਾਕੇ ਨੂੰ ਪਾਰਕਾਂ ਅਤੇ ਫੁੱਲਾਂ-ਪੌਦਿਆਂ ਵਾਲਾ ਬਣਾਉਣ ਨਾਲ ਇਹ ਸ਼ਹਿਰ ਵਾਸੀਆਂ ਨੂੰ ਤਾਜ਼ੀ ਅਤੇ ਸ਼ੁੱਧ ਹਵਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਤਾਜ਼ਾ ਨਹਿਰੀ ਪਾਣੀ ਲੈਣ ਵਾਲੀਆਂ ਦੋਵੇਂ ਝੀਲਾਂ ਨੂੰ ਜੋੜ ਕੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਹਨਾਂ ਝੀਲਾਂ ਅੰਦਰ ਪਾਣੀ ਦੀਆਂ ਖੇਡਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਬੀਬੀ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਵੋਟਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਇਸ ਲੋਕ ਪੱਖੀ ਪ੍ਰਾਜੈਕਟ ਦੇ ਹੱਕ ਵਿਚ ਹੈ ਜਾਂ ਨਹੀਂ? ਲੋਕਾਂ ਲਈ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਕੀ ਕਾਂਗਰਸ ਸਰਕਾਰ ਲੋਕਾਂ ਦੀਆਂ ਲੋੜਾਂ ਬਾਰੇ ਵੀ ਸੋਚਦੀ ਹੈ ਜਾਂ ਸਿਰਫ ਆਪਣੇ ਵਪਾਰਕ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੀ ਹੈ।
Total Responses : 265