ਗੁਰਦਾਸਪੁਰ, 12 ਮਈ 2019: ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਚਿੰਟਫੰਡ ਕੰਪਨੀਆਂ ਵਰਗੇ ਲੀਡਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਜੋ ਇਕ ਵਾਰ ਵੋਟਾਂ ਲੈ ਕੇ ਹਲਕੇ ਵਿਚ ਮੁੜਦੇ ਹੀ ਨਹੀਂ ਹਨ।
ਸ੍ਰੀ ਜਾਖੜ ਨੇ ਪਿੰਡ ਭੁੰਬਲੀ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੁਮਲਿਆਂ ਨਾਲ ਹਲਕੇ ਦਾ ਵਿਕਾਸ ਸੰਭਵ ਨਹੀਂ ਹੈ। ਉਨਾਂ ਨੇ ਕਿਹਾ ਕਿ 2014 ਵਿਚ ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ, 15 ਲੱਖ ਖਾਤਿਆਂ ਵਿਚ ਪਾਉਣ ਅਤੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਸਬਜਬਾਗ ਵਿਖਾਏ ਸਨ ਪਰ 5 ਸਾਲ ਬੀਤਦੇ ਬੀਤਦੇ ਭਾਜਪਾ ਦੇ ਆਗੂ ਖੁਦ ਹੀ ਆਪਣੇ ਚੋਣ ਵਾਅਦਿਆਂ ਨੂੰ ਜੁਮਲੇ ਦੱਸਣ ਲੱਗੇ ਪਏ ਸਨ। ਉਨਾਂ ਨੇ ਕਿਹਾ ਕਿ ਸਾਡੀ ਵੋਟ ਐਨੀ ਸਸਤੀ ਨਹੀਂ ਹੈ, ਭਗਤ ਸਿੰਘ ਨੇ ਇਸੇ ਅਜਾਦੀ ਲਈ ਜਾਨ ਕੁਰਬਾਨ ਕਰ ਦਿੱਤੀ ਸੀ। ਇਸ ਲਈ ਸਾਨੂੰ ਵੋਟ ਹੱਕ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਲੀਡਰ ਚੋਣਾਂ ਸਮੇਂ ਆਪਣੇ ਕੀਤੇ ਕੰਮ ਦੱਸਣ ਪਰ ਭਾਜਪਾ ਵਾਲਿਆਂ ਨੇ ਜਵਾਬਦੇਹੀ ਤੋਂ ਭੱਜਣ ਲਈ ਮੁੰਬਈ ਤੋਂ ਨਵਾਂ ਬੰਦਾ ਇੱਥੇ ਭੇਜ ਦਿੱਤਾ ਜੋ ਸਿਆਸਤ ਤੋਂ ਹੀ ਕੋਰਾ ਹੈ। ਉਨਾਂ ਕਿਹਾ ਕਿ ਅਸਲ ਵਿਚ ਭਾਜਪਾ ਦਾ ਝੂਠ ਬੇਨਕਾਬ ਹੋ ਚੁੱਕਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ ਹਲਕੇ ਵਿਚ ਦੋ ਮੈਡੀਕਲ ਕਾਲਜ, ਦੋ ਗੰਨਾਂ ਮਿੱਲਾਂ ਦੀ ਸਮੱਰਥਾ ਵਿਚ ਵਾਧਾ, ਪੈਪਸੀ ਦੀ ਫੈਕਟਰੀ, 3 ਕਾਲਜ, ਨਵੋਦਿਆਂ ਵਿਦਿਆਲਿਆ, 2 ਆਈ.ਟੀ.ਆਈ., ਪੁਲ, ਸੜਕਾਂ, ਆਰ.ਓ.ਬੀ., ਸ਼ਾਹਪੁਰ ਕੰਢੀ ਡੈਮ ਵਰਗੇ ਅਨੇਕਾਂ ਕੰਮ ਕੀਤੇ ਹਨ। ਪੈਪਸੀ ਦੀ ਫੈਕਟਰੀ ਤੋਂ 5000 ਨੌਜਵਾਨਾਂ ਨੂੰ ਸਿੱਧੀ ਨੌਕਰੀ ਮਿਲੇਗੀ ਜਦ ਕਿ 10000 ਪਰਿਵਾਰਾਂ ਨੂੰ ਅਸਿੱਧੇ ਤੌਰ ਤੇ ਲਾਭ ਹੋਵੇਗਾ। ਜਦ ਕਿ ਦੂਜੇ ਪਾਸੇ ਭਾਜਪਾ ਕੋਲ ਦੱਸਣ ਲਈ ਕੁਝ ਨਹੀਂ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਵਿਕਾਸ ਲਈ ਦਿੱਲੀ ਵਿਚ ਸਮਰੱਥ ਸਰਕਾਰ ਚਾਹੀਦੀ ਹੈ ਨਾ ਕਿ ਆਪਣੀਆਂ ਕਮਜੋਰੀਆਂ ਲੁਕਾਉਣ ਲਈ ਗੁਆਂਢੀ ਮੁਲਕਾਂ ਨਾਲ ਸਬੰਧ ਵਿਗਾੜਨ ਵਾਲੀ ਮੋਦੀ ਸਰਕਾਰ ਵਰਗੀ ਸਰਕਾਰ ਜਿਸਨੂੰ ਸਰਹੱਦੀ ਖੇਤਰਾਂ ਦੀ ਕੋਈ ਪਰਵਾਹ ਨਾ ਹੋਵੇ। ਉਨਾਂ ਕਿਹਾ ਕਿ ਇਹ ਚੋਣਾਂ ਸੱਚ ਤੇ ਝੂਠ ਅਤੇ ਨਿਆਏ ਤੇ ਅਨਿਆਏ ਵਿਚਕਾਰ ਮੁਕਾਬਲਾ ਹੈ। ਉਨਾਂ ਨੇ ਕਿਹਾ ਕਿ ਭਾਜਪਾ ਦੇ 15 ਲੱਖ ਨਹੀਂ ਆਏ ਪਰ ਕਾਂਗਰਸ ਸਰਕਾਰ 6000 ਰੁਪਏ ਹਰ ਮਹੀਨੇ ਗਰੀਬ ਪਰਿਵਾਰਾਂ ਨੂੰ ਦੇਵੇਗੀ। ਉਨਾਂ ਕਿਹਾ ਕਿ ਬਾਹਰੋ ਸਸਤਾ ਕੱਚਾ ਤੇਲ ਲੈ ਕੇ ਮਹਿੰਗਾ ਡੀਜਲ ਵੇਚ ਰਹੀ ਹੈ ਮੋਦੀ ਸਰਕਾਰ ਜਦ ਕਿ ਮਨਮੋਹਨ ਸਿੰਘ ਸਰਕਾਰ ਸਮੇਂ ਮਹਿੰਗ ਕੱਚਾ ਤੇਲ ਖਰੀਦ ਕਰਕੇ ਵੀ ਲੋਕਾਂ ਨੂੰ ਸਸਤਾ ਡੀਜਲ ਮੁਹਈਆ ਕਰਵਾਇਆ ਗਿਆ ਸੀ। ਉਨਾਂ ਕਿਹਾ ਕਿ ਭਾਜਪਾ ਨੇ ਪਿੱਛਲੇ 5 ਸਾਲ ਵਿਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਜਦ ਬਲਕਿ ਮੋਦੀ ਸਰਕਾਰ ਨੇ ਲੰਗਰ ਤੇ ਜੀਐਸਟੀ ਲਗਾ ਦਿੱਤਾ ਸੀ ਅਤੇ ਦੇਸ਼ ਲਈ ਅਨਾਜ ਖਰੀਦਣ ਵਾਲੇ ਪੰਜਾਬ ਨੂੰ 31000 ਕਰੋੜ ਦਾ ਕਰਜਾ ਦਿੱਤਾ ਹੈ।
ਇਸ ਤੋਂ ਪਹਿਲਾਂ ਬੋਲਦਿਆਂ ਵਿਧਾਇਕ ਸ: ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਨੂੰ ਬਰਾਬਰ ਤਰਜੀਹ ਦਿੱਤੀ ਹੈ। ਉਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੀ ਤਰੱਕੀ ਲਈ ਸੁਨੀਲ ਜਾਖੜ ਨੂੰ ਲੋਕ ਸਭਾ ਵਿਚ ਭੇਜਿਆ ਜਾਵੇ। ਉਨਾਂ ਨੇ ਕਿਹਾ ਕਿ ਸਾਨੂੰ ਅਜਿਹਾ ਸਾਂਸਦ ਸੰਸਦ ਵਿਚ ਭੇਜਣਾ ਚਾਹੀਦਾ ਹੈ ਜੋ ਵਿਕਾਸ ਕਰਵਾਉਣ ਦੇ ਸਮੱਰਥ ਹੋਵੇ। ਉਨਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਉਹ ਜਾਣਦੇ ਹਨ ਕਿ ਉਮੀਦਵਾਰ ਵੱਲੋਂ ਮੋਢੇ ਤੇ ਨਲਕਾ ਰੱਖ ਲੈਣ ਨਾਲ ਉਨਾਂ ਦੇ ਮਸਲੇ ਦੂਰ ਨਹੀਂ ਹੋਣੇ ਹਨ। ਉਨਾਂ ਨੇ ਭਾਜਪਾ ਦੀ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਸਰਕਾਰ ਨੇ ਗਰੀਬਾਂ ਅਤੇ ਕਿਸਾਨਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਜਦ ਕਿ ਮੋਦੀ ਵੱਲੋਂ ਕੀਤੀ ਨੋਟਬੰਦੀ ਦਾ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ।