ਬਠਿੰਡਾ 14 ਮਈ 2019: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ 1984 ਸਿੱਖ ਕਤਲੇਆਮ ਸਮੇਤ ਕਾਂਗਰਸ ਪਾਰਟੀ ਵੱਲੋਂ ਕੀਤੇ ਪਾਪਾਂ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ ਦੀ ਬਜਾਇ ਆਪਣੇ ਭਰਾ ਰਾਹੁਲ ਗਾਂਧੀ ਨੂੰ ਕਲੀਨ ਚਿਟ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪ੍ਰਿਯੰਕਾ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਭਰਾ ਸੱਚ ਦੀ ਰਾਜਨੀਤੀ ਕਰਦਾ ਹੈ। ਪ੍ਰਿਯੰਕਾ ਨੂੰ ਇਹ ਪੁੱਛਦਿਆਂ ਕਿ ਕੀ 'ਹੂਆ ਤੋ ਹੂਆ' ਵਰਗੀਆਂ ਟਿੱਪਣੀਆਂ ਨਾਲ 1984 ਕਤਲੇਆਮ ਨੂੰ ਸਹੀ ਠਹਿਰਾਉਣਾ ਸੱਚ ਦੀ ਰਾਜਨੀਤੀ ਹੈ, ਬੀਬੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸੀ ਆਗੂ ਨੇ ਆਪਣੇ ਪਾਰਟੀ ਦੇ ਬੰਦਿਆਂ ਵੱਲੋਂ ਕੀਤੇ ਪਾਪਾਂ ਲਈ ਮੁਆਫੀ ਨਹੀਂ ਮੰਗੀ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਅਫਸੋਸਨਾਕ ਗੱਲ ਹੈ ਕਿ ਪ੍ਰਿਯੰਕਾ ਨੇ 1984 ਸਿੱਖ ਕਤਲੇਆਮ ਜਾਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਿਚ ਆਪਣੇ ਪਰਿਵਾਰ ਅਤੇ ਪਾਰਟੀ ਦੀ ਭੂਮਿਕਾ ਲਈ ਪਛਤਾਵੇ ਦਾ ਇੱਕ ਵੀ ਸ਼ਬਦ ਕਹਿਣਾ ਜਰੂਰੀ ਨਹੀਂ ਸਮਝਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਪ੍ਰਿਯੰਕਾ ਗਾਂਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਗੱਲ ਕਰ ਰਹੀ ਹੈ। ਉਹਨਾਂ ਕਿਹਾ ਕਿ ਪ੍ਰਿਯੰਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਦਾਦੀ ਇੰਦਰਾ ਗਾਂਧੀ ਨੇ ਆਪਰੇਸ਼ਨ ਬਲਿਊ ਸਟਾਰ ਦੇ ਹੁਕਮ ਦਿੱਤੇ ਸਨ, ਜਿਸ ਦੌਰਾਨ ਇਸ ਪਾਵਨ ਗ੍ਰੰਥ ਦੇ ਸੈਂਕੜੇ ਸਰੂਪਾਂ ਨਸ਼ਟ ਹੋ ਗਏ ਸਨ। ਉਹਨਾਂ ਕਿਹਾ ਕਿ ਪ੍ਰਿਯੰਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ ਦੋ ਸਾਲਾਂ ਦੇ ਕਾਂਗਰਸੀ ਰਾਜ ਦੌਰਾਨ ਬੇਅਦਬੀ ਦੇ 80 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ ਇੱਕ ਮੰਦਭਾਗੀ ਘਟਨਾ ਦੋ ਦਿਨ ਪਹਿਲਾਂ ਹੀ ਮਲੇਰ ਕੋਟਲਾ ਵਿਖੇ ਵਾਪਰੀ ਸੀ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਪ੍ਰਿਯੰਕਾ ਵੀ ਆਪਣੇ ਭਰਾ ਰਾਹੁਲ ਵਾਂਗ ਸਿਰਫ ਲਿਖੇ-ਲਿਖਾਏ ਭਾਸ਼ਣ ਹੀ ਪੜ੍ਹਦੀ ਹੈ। ਰਾਹੁਲ ਨੇ ਲਿਖ ਕੇ ਦਿੱਤਾ ਭਾਸ਼ਣ ਪੜ੍ਹਦਿਆਂ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ ਹਨ। ਉਹਨਾਂ ਕਿਹਾ ਕਿ ਜੇਕਰ ਉਹ ਪੰਜਾਬ ਬਾਰੇ ਸੱਚਮੁੱਚ ਸੰਜੀਦਾ ਸੀ ਤਾਂ ਉਸ ਨੇ ਕੈਪਟਨ ਅਮਰਿੰਦਰ ਤੋਂ ਪੁੱਛਣਾ ਸੀ ਕਿ ਦੋ ਸਾਲਾਂ ਵਿਚ 1500 ਕਿਸਾਨ ਕਿਉਂ ਖੁਦਕੁਸ਼ੀਆਂ ਕਰ ਗਏ ਹਨ? ਉਸ ਦੇ ਕਾਰਜਕਾਲ ਦੌਰਾਨ ਕਿਉਂ 550 ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਜਾਨ ਤੋਂ ਹੱਥ ਧੋ ਬੈਠੇ ਹਨ? ਉਸ ਨੂੰ ਕਾਂਗਰਸ ਦੇ ਝੂਠਾਂ ਨੂੰ ਦੁਹਰਾਉਣ ਦੀ ਥਾਂ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੇ ਹੰਝੂ ਪੂੰਝਣੇ ਚਾਹੀਦੇ ਸਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦਾਅਵਾ ਕਰਕੇ ਕਿ ਕਾਂਗਰਸ ਨੇ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ ਅਤੇ ਪੰਜਾਬ ਦੇ ਮਾਡਲ ਹੁਣ ਦੂਜੇ ਕਾਂਗਰਸੀ ਸਰਕਾਰਾਂ ਵਾਲੇ ਰਾਜਾਂ ਵਿਚ ਵੀ ਲਾਗੂ ਕੀਤਾ ਜਾ ਰਿਹਾ ਹੈ, ਪ੍ਰਿਯੰਕਾ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਬੋਲੇ ਜਾ ਰਹੇ ਝੂਠਾਂ ਵਿਚ ਭਾਗੀਦਾਰ ਬਣ ਗਈ ਹੈ। ਉਹਨਾਂ ਕਿਹਾ ਕਿ ਪੰਜਾਬੀ ਇਸ ਦਾਅਵੇ ਦੀ ਸੱਚਾਈ ਜਾਣਦੇ ਹਨ ਅਤੇ ਇਹਨਾਂ ਚਿੱਟੇ ਝੂਠਾਂ ਦੇ ਝਾਂਸੇ ਵਿਚ ਨਹੀਂ ਆਉਣਗੇ।
ਇਹ ਕਹਿੰਦਿਆਂ ਕਿ ਕਾਂਗਰਸੀ ਵਾਅਦਿਆਂ ਦੀ ਹੁਣ ਕੋਈ ਵੁੱਕਤ ਨਹੀਂ ਰਹੀ ਹੈ, ਬੀਬੀ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਸ਼ਰਤੀਆ ਆਮਦਨ ਦੇਣ ਦਾ ਵਾਅਦਾ ਕਰ ਰਹੀ ਹੈ, ਇਸੇ ਤਰ੍ਹਾਂ ਇਸ ਨੇ ਪੰਜਾਬ ਵਿਚ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਵਚਨ ਦਿੱਤਾ ਸੀ, ਪਰ ਉਹ ਸਾਰੇ ਵਾਅਦਿਆਂ ਤੋਂ ਮੁਕਰ ਗਿਆ। ਹੁਣ ਅਸੀਂ ਕਾਂਗਰਸ ਦੇ ਕਿਸੇ ਵੀ ਵਾਅਦੇ ਉੱਤੇ ਭਰੋਸਾ ਨਹੀਂ ਕਰ ਸਕਦੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਕੇਂਦਰੀ ਮੰਤਰੀ ਨੂੰ ਹੰਕਾਰੀ ਕਹਿ ਕੇ ਸੱਦਣ ਵਾਲੀ ਟਿੱਪਣੀ ਦਾ ਜੁਆਬ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਖਿਝ ਗਿਆ ਹੈ, ਕਿਉਂਕਿ ਮੈਂ ਉਸ ਦੀ ਗੁਟਕਾ ਸਾਹਿਬ ਦੀ ਪਾਵਨ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਦੀ ਪੋਲ ਖੋਲ੍ਹ ਦਿੱਤੀ ਹੈ। ਉਹਨਾਂ ਕਿਹਾ ਕਿ ਮੈਂ ਬੜੀ ਨਿਮਰਤਾ ਨਾਲ ਰਾਜਾ ਸਾਹਿਬ ਨੂੰ ਪੁੱਛਿਆ ਹੈ ਕਿ ਉਹ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਕੋਲ ਗੇੜਾ ਕਿਉਂ ਨਹੀਂ ਮਾਰਦੇ? ਉਸ ਨੇ ਉਹਨਾਂ ਹਜ਼ਾਰਾਂ ਗਰੀਬਾਂ ਦੇ ਦੁੱਖੜੇ ਕਿਉਂ ਨਹੀਂ ਸੁਣੇ, ਜਿਹਨਾਂ ਨੂੰ ਬਿਜਲੀ ਦੇ ਵੱਡੇ ਵੱਡੇ ਬਿਲ ਭੇਜੇ ਜਾ ਰਹੇ ਹਨ? ਪਰ ਇਸ ਤਰ੍ਹਾਂ ਜਾਪਦਾ ਹੈ ਕਿ ਉਸ ਦੀ ਲੋਕ ਭਲਾਈ ਦੇ ਕੰਮਾਂ ਵਿਚ ਕੋਈ ਦਿਲਚਸਪੀ ਨਹੀਂ ਹੈ, ਉਹ ਸਿਰਫ ਗਾਂਧੀ ਪਰਿਵਾਰ ਨੂੰ ਖੁਸ਼ ਕਰਕੇ ਆਪਣੇ ਕੁਰਸੀ ਸਲਾਮਤ ਰੱਖਣਾ ਚਾਹੁੰਦਾ ਹੈ।