ਚੰਡੀਗੜ੍ਹ, 14 ਮਈ 2019 - ਚੰਡੀਗੜ੍ਹ ‘ਚ ਮੰਗਲਵਾਰ ਨੂੰ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਨੂੰ ਸਬੋਧਨ ਕਰਦਿਆਂ ਉਹਨਾਂ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ‘ਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਤੇ ਭਾਜਪਾ ਸਰਕਾਰ ਵੱਲੋਂ ਕੀਤੇ ਹੋਏ ਕੰਮਾਂ ਦਾ ਵੇਰਵਾ ਵੀ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਦਾ ਜੋਸ਼ ਦੱਸ ਰਿਹਾ ਹੈ ਕਿ ਫਿਰ ਤੋਂ ਮੋਦੀ ਸਰਕਾਰ ਆਵੇਗੀ।
ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੇ ਲੋਕ ਮਜ਼ਬੂਤ ਸਰਕਾਰ ਚੁਣ ਰਹੇ ਹਨ। ਇਸ ਮੌਕੇ ਉਹਨਾਂ ਕਾਂਗਰਸ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਦੇਸ਼ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਨੇ ਮੇਰੇ ਹਰ ਫੈਸਲੇ ਨੂੰ ਗਲਤ ਦੱਸਿਆ, ਮੈਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਹੀ, ਮੇਕ ਇਨ ਇੰਡੀਆ ਸਟਾਰਟਅਪ ਇੰਡੀਆ, ਡਿਜੀਟਲ ਇੰਡੀਆ ਦਾ ਅਭਿਆਨ ਚਲਾਇਆ, ਪਰ ਹਰ ਵਾਰ ਕਾਂਗਰਸ ਨੇ ਸਵਾਲ ਖੜ੍ਹਾ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਜਿਸ ਦੌਰਾਨ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜ਼ਿਕਰ ਏ ਖਾਸ ਹੈ ਕਿ ਚੰਡੀਗੜ੍ਹ ‘ਚ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।