ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਸਂੰਵਿਧਾਨਿਕ ਮਸ਼ੀਨਰੀ ਤਹਿਸ ਨਹਿਸ ਚੁੱਕੀ ਹੈ
ਕਿਹਾ ਕਿ ਕੈਬਨਿਟ ਨੇ ਮੁੱਖ ਮੰਤਰੀ ਦੇ ਦਫ਼ਤਰ ਦਾ ਵੀ ਨਿਰਾਦਰ ਕੀਤਾ
ਮੁੱਖ ਸਕੱਤਰ ਨੂੰ ਧਮਕਾਉਣ ਦੀ ਨਿਖੇਧੀ ਕੀਤੀ
2000 ਕਰੋੜ ਰੁਪਏ ਦੇ ਗੈਰਕਾਨੂੰਨੀ ਸ਼ਰਾਬ ਘੁਟਾਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ
ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਸਕੱਤਰ ਨੂੰ ਧਮਕਾ ਕੇ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਚੰਡੀਗੜ੍ਹ 11 ਮਈ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਇਸ ਲਈ ਜਰੂਰੀ ਹੈ, ਕਿਉਂਕਿ ਸੂਬੇ ਅੰਦਰ ਸੰਵਿਧਾਨਿਕ ਮਸ਼ੀਨਰੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਕਾਰਜਪਾਲਿਕਾ ਨੂੰ ਧਮਕਾਉਣ ਲਈ ਕਾਂਗਰਸੀ ਮੰਤਰੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਿਯੁਕਤ ਕੀਤੇ ਸਿਵਲ ਸਰਵਿਸ ਦੇ ਮੁਖੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਲਈ
ਮੰਤਰੀ ਮੰਡਲ ਨੁੰ ਨੈਤਿਕ ਆਧਾਰ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਇਸ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਮੰਤਰੀਆਂ ਵੱਲੋਂ ਇਹ ਸਾਰਾ ਡਰਾਮਾ ਆਪਣੇ ਸਰਕਾਰੀ ਖਜ਼ਾਨੇ ਦੀ ਗੈਰਕਾਨੂੰਨੀ ਲੁੱਟ ਦੇ ਧੰਦੇ ਨੂੰ ਬਚਾਉਣ ਲਈ ਕੀਤਾ ਗਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਮੰਤਰੀਆਂ ਨੇ ਮੁੱæਖ ਸਕੱਤਰ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਹੈ, ਕਿਉਂਕਿ ਉਸ ਨੇ ਪੂਰਵ ਕੈਬਨਿਟ ਮੀਟਿੰਗ ਵਿਚ ਇਹ ਗੱਲ ਉਠਾਈ ਸੀ ਕਿ ਕਾਂਗਰਸੀਆਂ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਕਰਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਸੰਬੰਧ ਵਿਚ ਬਠਿੰਡਾ ਜ਼ਿਲ੍ਹੇ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਕਿ ਇਸ 2000 ਕਰੋੜ ਰੁਪਏ ਘੁਟਾਲੇ ਦਾ ਪਰਦਾਫਾਸ਼æ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਕੀਤੇ ਜਾਣ ਦੀ ਲੋੜ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਨੇ ਅੱਜ ਦੀ ਹਰਕਤ ਨਾਲ ਨਾ ਸਿਰਫ ਕਾਰਜਪਾਲਿਕਾ ਦਾ ਨਿਰਾਦਰ ਕੀਤਾ ਹੈ, ਸਗੋਂ ਮੁੱਖ ਮੰਤਰੀ ਦੇ ਦਫ਼ਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਭ ਸੰਵਿਧਾਨ ਦੇ ਨਿਯਮਾਂ ਅਨੁਸਾਰ ਨਹੀਂ ਹੈ ਅਤੇ ਇਸ ਸਰਕਾਰ ਦਾ ਬਣੇ ਰਹਿਣਾ ਸੰਵਿਧਾਨ ਦੀ ਉਲੰਘਣਾ ਹੈ।
ਸਰਦਾਰ ਮਜੀਠੀਆ ਨੇ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਅਜਿਹੇ ਸਮੇਂ ਵਿਚ ਅਗਵਾਈ ਰਹਿਤ ਹੋ ਚੁੱਕਿਆ ਹੈ, ਜਦੋਂ ਲੋਕੀਂ ਇੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਰਾਹਤ ਅਤੇ ਹਮਦਰਦੀ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਔਖੇ ਸਮੇਂ ਵਿੱਚ ਸੂਬੇ ਦੀ ਕੈਬਨਿਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਨੂੰ ਸਿਰਫ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਚੋਂ ਮਿਲਦੇ ਆਪਣੇ ਹਿੱਸੇ ਦੀ ਚਿੰਤਾ ਹੈ। ਇਸ ਤੋਂ ਇਲਾਵਾ ਇਸ ਨੂੰ ਨਾ ਸਿਹਤ ਢਾਂਚੇ ਦੀ ਫਿਕਰ ਹੈ ਅਤੇ ਨਾ ਹੀ ਲੋੜਵੰਦਾਂ ਨੂੰ ਕੇਂਦਰੀ ਰਾਸ਼ਨ ਵੰਡਣ ਜਾਂ ਆਮ ਆਦਮੀ ਨੂੰ ਕੋਈ ਰਾਹਤ ਦੇਣ ਦੀ ਚਿੰਤਾ ਹੈ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਇਹ ਸਾਰੇ ਮਸਲੇ ਅੱਜ ਦੇ ਸਰਕਾਰੀ ਏਜੰਡੇ ਦਾ ਹਿੱਸਾ ਹੀ ਨਹੀਂ ਸਨ ਅਤੇ ਉੱਥੇ ਸਿਰਫ ਸ਼ਰਾਬ ਬਾਰੇ ਚਰਚਾ ਕੀਤੀ ਗਈ।
ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਉਹ ਮੁੱਖ ਸਕੱਤਰ ਦੇ ਸਮਰਥਕ ਨਹੀਂ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਦੂਜੇ ਅਧਿਕਾਰੀਆਂ ਦੀ ਅਗਵਾਈ ਕਰਨ ਵਾਸਤੇ ਸ੍ਰੀ ਕਰਨ ਅਵਤਾਰ ਸਿੰਘ ਦੀ ਚੋਣ ਸਰਕਾਰ ਦੁਆਰਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਅਧਿਕਾਰੀ ਵੱਲੋਂ ਕਾਂਗਰਸ ਕਾਰਜਕਾਲ ਦੌਰਾਨ ਹਮੇਸ਼ਾਂ ਹੀ ਬਹੁਤ ਸ਼ਾਨਦਾਰ ਰਿਪੋਰਟਾਂ ਦਿੱਤੀਆਂ ਗਈਆਂ ਹਨ, ਪਰੰਤੂ ਹੁਣ ਸੇਵਾਮੁਕਤ ਹੋਣ ਤੋਂ ਸਿਰਫ ਚਾਰ ਮਹੀਨੇ ਪਹਿਲਾਂ ਉਹ ਇਕਦਮ ਬੁਰਾ ਵਿਅਕਤੀ ਬਣ ਗਿਆ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਮੰਤਰੀਆਂ ਨੇ ਇਸ ਅਧਿਕਾਰੀ ਵਿਰੁੱਧ ਇੱਕ ਗਿਰੋਹ ਬਣਾ ਲਿਆ ਹੈ, ਕਿਉਂਕਿ ਉਹ ਇਸ ਸਿਸਟਮ ਦੀ ਰਾਖੀ ਕਰਨ ਵਾਲੀ ਆਖਰੀ ਦੀਵਾਰ ਹੈ।
ਮੌਜੂਦਾ ਹਾਲਾਤ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਵਿੱਤ ਮੰਤਰੀ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਸੂਬੇ ਕੋਲ ਟੀਚੇ ਨਾਲੋਂ ਵਾਧੂ ਮਾਲੀਆ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਹੁਣ ਵਿੱਤ ਮੰਤਰੀ ਬਿਲਕੁੱਲ ਉਲਟ ਬਿਆਨਬਾਜ਼ੀ ਕਰ ਰਿਹਾ ਹੈ ਜਦਕਿ ਤਾਲਾਬੰਦੀ ਮਾਰਚ ਦੇ ਆਖਰੀ ਹਫ਼ਤੇ ਸ਼ੁਰੂ ਹੋਈ ਸੀ, ਜਦੋਂ ਵਿੱਤੀ ਸਾਲ ਮੁਕੰਮਲ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਹਰ ਸਾਲ ਮਾਲੀਏ ਦਾ ਘਾਟਾ ਝੱਲਦਾ ਆ ਰਿਹਾ ਹੈ। ਆਪਣੀਆਂ ਨਾਕਾਮੀਆਂ ਨੂੰ ਸਵੀਕਾਰ ਕਰਨ ਦੀ ਬਜਾਇ ਵਿੱਤ ਮੰਤਰੀ ਮੁੱਖ ਸਕੱਤਰ ਨੂੰ ਧਮਕਾ ਕੇ ਆਪਣੀਆਂ ਨਾਕਾਮੀਆਂ ਲੁਕਾਉਣ ਅਤੇ ਆਪਣੀ ਹਊਮੈ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਆਬਕਾਰੀ ਨੀਤੀ ਬਣਾਉਣ ਦਾ ਕੰਮ ਉਹ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਜੇਕਰ ਕੈਬਨਿਟ ਸਹੀ ਰਾਹ ਉੱਤੇ ਚੱਲੀ ਹੁੰਦੀ ਅਤੇ ਸਾਂਝੀ ਜ਼ਿੰਮੇਵਾਰੀ ਦੇ ਸਿਧਾਂਤ ਨੂੰ ਤਿਆਗਣ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੁੰਦਾ ਤਾਂ ਖੁਦ ਨੂੰ ਇਸ ਤਰ੍ਹਾ ਮਜ਼ਾਕ ਦਾ ਪਾਤਰ ਬਣਾਉਣ ਦੀ ਬਜਾਇ ਇਸ ਨੂੰ ਸਮੂਹਿਕ ਰੂਪ ਵਿਚ ਅਸਤੀਫੇ ਦੇਣੇ ਚਾਹੀਦੇ ਸਨ।
ਇਹ ਟਿੱਪਣੀ ਕਰਦਿਆਂ ਕਿ ਅਜਿਹੇ ਹਾਲਾਤ ਕਰਕੇ ਲੋਕੀਂ ਦੁੱਖ ਭੋਗ ਰਹੇ ਹਨ ਜਦਕਿ ਕਾਂਗਰਸੀ ਮੰਤਰੀਆਂ ਨੇ ਸਿਰਫ ਆਪਣੀ ਚੌਧਰ ਵਿਖਾਉਣ ਲਈ ਨੌਕਰਸ਼ਾਹਾਂ ਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਹੈ, ਅਕਾਲੀ ਆਗੂ ਨੇ ਕਿਹਾ ਕਿ ਜਿੱਥੇ ਤਕ ਕੋਵਿਡ-19 ਦਾ ਸੰਬੰਧ ਹੈ, ਪੰਜਾਬ ਅੰਦਰ ਇਸ ਮਹਾਂਮਾਰੀ ਕਰਕੇ ਮੌਤ ਦੀ ਦਰ ਦੇਸ਼ ਵਿਚੋਂ ਸਭ ਤੋਂ ਉੱਚੀ ਹੈ। ਉਹਨਾਂ ਕਿਹਾ ਕਿ ਸਿਹਤ ਢਾਂਚੇ ਦੀ ਮਾੜੀ ਹਾਲਤ ਹੈ, ਲੋਕਾਂ ਨੂੰ ਰਾਸ਼ਨ ਨਹੀਂ ਵੰਡਿਆ ਜਾ ਰਿਹਾ ਹੈ, ਜਿਸ ਕਰਕੇ ਇੱਕ ਵਿਅਕਤੀ ਖੁਦਕੁਸ਼ੀ ਤਕ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਖੇਤ ਮਜ਼ਦੂਰਾਂ, ਦਿਹਾੜੀਦਾਰਾਂ ਅਤੇ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਸਰਕਾਰ ਵੱਲੋਂ ਮੱਦਦ ਕਰਨ 'ਚ ਕੀਤੀ ਜਾ ਰਹੀ ਟਾਲਮਟੋਲ ਕਰਕੇ ਸਨਅਤਾਂ ਦੁਬਾਰਾ ਸ਼ੁਰੂ ਨਹੀਂ ਹੋ ਰਹੀਆਂ ਹਨ। ਪੂਰੇ ਸੂਬੇ ਦੀ ਅਰਥ ਵਿਵਸਥਾ ਗੋਤਾ ਖਾ ਚੁੱਕੀ ਹੈ, ਪਰੰਤੂ ਸਾਰੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਸਿਰਫ ਆਪਣੇ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਦੀ ਫਿਕਰ ਹੈ।