ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 1 ਅਪ੍ਰੈਲ 2021 - ਕੈਲੀਫੋਰਨੀਆ ,ਚ ਸਮੁੰਦਰੀ ਲਾਈਫ ਦੇ ਦਰਸ਼ਨ ਕਰਵਾਉਣ ਵਾਲਾ ਮਸ਼ਹੂਰ ਮੋਂਟੇਰੀ ਬੇਅ ਐਕੁਰੀਅਮ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਤਕਰੀਬਨ 14 ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ ਆਪਣੇ ਦਰਵਾਜ਼ੇ ਦੁਬਾਰਾ ਖੋਲ੍ਹ ਰਿਹਾ ਹੈ। ਇਸ ਸੰਸਥਾ ਦੀ ਵੈਬਸਾਈਟ 'ਤੇ ਮੰਗਲਵਾਰ ਨੂੰ ਪ੍ਰਕਾਸ਼ਤ ਕੀਤੇ ਵੇਰਵਿਆਂ ਅਨੁਸਾਰ ਮੋਂਟੇਰੀ ਬੇਅ ਐਕੁਰੀਅਮ ਇਸਦੇ ਮੈਂਬਰਾਂ ਲਈ 1 ਮਈ ਨੂੰ ਅਤੇ ਸਾਰੇ ਮਹਿਮਾਨਾਂ ਲਈ 15 ਮਈ ਨੂੰ ਦੁਬਾਰਾ ਖੁੱਲ੍ਹ ਰਿਹਾ ਹੈ।
ਇਸ ਐਕੁਰੀਅਮ ਦੇ ਪ੍ਰਸਿੱਧ ਪ੍ਰਦਰਸ਼ਨ, ਜੋ ਕਿ ਮਾਰਚ 2020 ਵਿੱਚ ਕੋਰੋਨਾ ਕਾਰਨ ਲੋਕਾਂ ਲਈ ਬੰਦ ਹੋ ਗਏ ਸਨ, ਵਿੱਚ ਸ਼ਾਰਕ, ਪੈਨਗੁਇਨ, ਜੈਲੀਫਿਸ਼ ਅਤੇ ਇਕ ਦੋ ਮੰਜ਼ਿਲਾ ਸਮੁੰਦਰੀ ਓਟਰ ਟੈਂਕ ਆਦਿ ਸ਼ਾਮਿਲ ਹਨ। ਸ਼ਾਨਦਾਰ ਢੰਗ ਨਾਲ ਤਿਆਰ ਕੀਤੀ ਗਈ ਮੋਂਟੇਰੀ ਬੇਅ ਦੀ ਇਮਾਰਤ ਸਮੁੰਦਰੀ ਲਾਈਫ ਦੇ ਬਹੁਤ ਵਧੀਆ ਨਜ਼ਾਰੇ ਪੇਸ਼ ਕਰਦੀ ਹੈ। ਐਕੁਰੀਅਮ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ, ਇਸਦਾ ਰਾਖਵਾਂਕਰਨ ਕਰਨਾ ਜਰੂਰੀ ਹਵੇਗਾ। ਜਿਸ ਲਈ ਇਸਦੇ ਮੈਂਬਰ 26 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਅਤੇ ਹਰ ਕੋਈ ਵੀ 5 ਮਈ ਸਵੇਰੇ 9 ਵਜੇ ਤੋਂ ਟਿਕਟ ਰਿਜ਼ਰਵੇਸ਼ਨ ਕਰ ਸਕਦੇ ਹਨ।
ਕੋਰੋਨਾ ਤੋਂ ਸੁਰੱਖਿਆ ਕਾਰਨਾਂ ਕਰਕੇ ਇੱਕ ਸਮੇਂ ਸੀਮਤ ਗਿਣਤੀ ਵਿੱਚ ਮਹਿਮਾਨਾਂ ਨੂੰ ਐਕੁਰੀਅਮ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ। 3 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਹਿਮਾਨਾਂ ਨੂੰ ਆਪਣਾ ਮੂੰਹ ਢਕਣਾ ਜਰੂਰੀ ਹੋਵੇਗਾ। ਇੱਕ ਪਰਿਵਾਰ ਜਾਂ ਘਰੇਲੂ ਸਮੂਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਅਤੇ ਦੂਜੀਆਂ ਪਾਰਟੀਆਂ ਅਤੇ ਐਕੁਰੀਅਮ ਸਟਾਫ ਵਿੱਚ ਘੱਟੋ ਘੱਟ 6 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਇਸਦੇ ਇਲਾਵਾ ਹੈਂਡ ਸੈਨੀਟਾਈਜਿੰਗ ਸਟੇਸ਼ਨ ਸਾਰੀ ਸਹੂਲਤ ਵਿੱਚ ਉਪਲੱਬਧ ਹਨ।