ਅਮਰੀਕਾ: ਕੈਲੀਫੋਰਨੀਆ ਵਿੱਚ ਸਾਹਮਣੇ ਆਇਆ ਭਾਰਤੀ ਕੋਰੋਨਾ ਵਾਇਰਸ ਰੂਪ ਦਾ ਪਹਿਲਾ ਕੇਸ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਅਪ੍ਰੈਲ 2021
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਕੋਰੋਨਾ ਵਾਇਰਸ ਰੂਪ ਦਾ ਕੇਸ ਸਾਹਮਣੇ ਆਇਆ ਹੈ। ਇਸ ਸੰਬੰਧੀ ਸਟੈਨਫੋਰਡ ਯੂਨੀਵਰਸਿਟੀ ਦੇ ਮਾਹਿਰਾਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਉੱਤਰੀ ਕੈਲੀਫੋਰਨੀਆ ਵਿੱਚ ਭਾਰਤ ਵਿੱਚ ਪਹਿਲੀ ਵਾਰ ਸਾਹਮਣੇ ਆਏ ਇੱਕ ਨਵੇਂ ਕੋਰੋਨਾ ਵਾਇਰਸ ਵੇਰੀਐਂਟ ਦਾ ਘੱਟੋ ਘੱਟ ਇੱਕ ਕੇਸ ਮਿਲਿਆ ਹੈ। ਸਟੈਨਫੋਰਡ ਹੈਲਥ ਕੇਅਰ ਦੀ ਲੀਜ਼ਾ ਕਿਮ ਦੇ ਅਨੁਸਾਰ, ਨਵੇਂ ਰੂਪ ਵਿੱਚ ਦੋ ਪਰਿਵਰਤਨ ਹਨ। ਵਾਇਰਸ ਦਾ ਇਹ ਨਵਾਂ ਵੈਰੀਐਂਟ ਸਾਨ ਫਰਾਂਸਿਸਕੋ ਬੇਅ ਏਰੀਆ ਦੇ ਇੱਕ ਮਰੀਜ਼ ਵਿੱਚ , ਸਕੂਲ ਦੀ ਕਲੀਨਿਕਲ ਵਾਇਰੋਲੋਜੀ ਪ੍ਰਯੋਗਸ਼ਾਲਾ ਦੁਆਰਾ ਮਿਲਿਆ ਹੈ। ਐਸੋਸੀਏਟਡ ਪ੍ਰੈਸ ਅਨੁਸਾਰ ਵਾਇਰਸ ਦੇ ਇਸ ਰੂਪ ਦਾ ਪਤਾ ਪਿਛਲੇ ਮਹੀਨੇ ਪਹਿਲਾਂ ਸਭ ਤੋਂ ਪਹਿਲਾਂ ਭਾਰਤੀ ਸਿਹਤ ਮਾਹਿਰਾਂ ਦੁਆਰਾ ਲਗਾਇਆ ਗਿਆ ਸੀ। ਭਾਰਤ ਵਿੱਚ ਕੇਸ ਸਤੰਬਰ ਤੋਂ ਦੇਸ਼ ਭਰ ਵਿੱਚ ਘਟਦੇ ਜਾ ਰਹੇ ਸਨ ਪਰ ਏਪੀ ਦੇ ਅਨੁਸਾਰ ਮਾਰਚ ਵਿੱਚ, 47,000 ਤੋਂ ਵੱਧ ਨਵੇਂ ਲਾਗਾਂ ਦਾ ਪਤਾ ਲਗਾਇਆ ਗਿਆ ਹੈ, ਜਿਸ ਵਿੱਚ 275 ਮੌਤਾਂ ਸ਼ਾਮਿਲ ਹਨ। ਇਸਦੇ ਇਲਾਵਾ ਕੈਲੀਫੋਰਨੀਆ ਵਿੱਚ ਵੀ ਸਰਦੀਆਂ ਦੇ ਘਾਤਕ ਵਾਧੇ ਤੋਂ ਵਾਇਰਸ ਦੀ ਲਾਗ ਵਿੱਚ ਗਿਰਾਵਟ ਆਈ ਹੈ। ਮਾਮਲਿਆਂ ਵਿੱਚ ਆਈ ਗਿਰਾਵਟ ਨੇ ਰਾਜ ਦੀਆਂ ਕੁੱਝ ਵਧੇਰੇ ਆਬਾਦੀ ਵਾਲੀਆਂ ਕਾਉਂਟੀਆਂ, ਲਾਸ ਏਂਜਲਸ ਸਮੇਤ, ਵਿੱਚ ਪਾਬੰਦੀਆਂ ਨੂੰ ਢਿੱਲ ਦੇਣ ਅਤੇ ਹੌਲੀ ਹੌਲੀ ਆਰਥਿਕਤਾ ਨੂੰ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਹੈ। ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਤੱਕ ਕੈਲੀਫੋਰਨੀਆ ਵਿੱਚ ਦੇਸ਼ ਦੇ ਕਿਸੇ ਵੀ ਰਾਜ ਨਾਲੋਂ ਕੋਰੋਨਾ ਵਾਇਰਸ ਦੇ ਵੱਧ ਕੇਸ ਦਰਜ ਕੀਤੇ ਗਏ ਹਨ।