ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 23 ਮਾਰਚ 2020 - ਕੋਰੋਨਾ ਵਾਇਰਸ ਦੇ ਚੱਕਰਵਿਊ 'ਚ ਜਿੱਥੇ ਸਾਰੀ ਦੁਨੀਆ ਫਸੀ ਹੋਈ ਹੈ। ਉੱਥੇ ਮਨੁੱਖਤਾ ਦੀ ਸੇਵਾ ਲਈ ਕਾਰਜਸ਼ੀਲ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਨੇ ਇਸ ਆਫ਼ਤ ਦੀ ਘੜੀ ਵਿਚ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦੀ ਪਹਿਲਕਦਮੀ ਕਰਦਿਆਂ ਪਿੰਗਲਵਾੜਾ ਸੰਸਥਾ ਦੇ ਗੁਰਦੁਆਰਾ ਸਾਹਿਬ 'ਚ ਅਰਦਾਸ ਕੀਤੀ। ਇਸ ਕਾਰਜ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ।
ਅੱਜ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਸ਼ਾਖਾ ਸਥਿਤ ਦਫ਼ਤਰ 'ਚ ਡਾ:ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਸੁਸਾਇਟੀ ਦੇ ਮੈਂਬਰਾਂ, ਵਾਰਡ ਇੰਚਾਰਜਾਂ, ਡਰਾਈਵਰਾਂ ਦੀ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਹੋਰਨਾਂ ਮੁਲਕਾਂ ਦੀ ਤਰਾਂ ਪੰਜਾਬ ਵਿਚ ਵੀ 31 ਮਾਰਚ ਤੱਕ ਤਾਲਾਬੰਦੀ ਕਰ ਦਿੱਤੀ ਗਈ ਹੈ, ਇਸ ਨਾਜ਼ੁਕ ਘੜੀ ਵਿਚ ਉਨ੍ਹਾਂ ਦੇ ਮਨ ਵਿਚ ਖਿਆਲ ਆਇਆ ਕਿ ਜੋ ਮਿਹਨਤਕਸ਼ ਲੋਕ ਰੋਜ਼ਾਨਾ ਦਿਹਾੜੀ ਕਰ ਕੇ ਰੋਜ ਆਪਣੇ ਘਰਾਂ ਨੂੰ ਰਾਸ਼ਨ ਲੈ ਕੇ ਜਾਂਦੇ ਹਨ ਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦੇ ਹਨ, ਦੇ ਘਰਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਤਾਂ ਉਨ੍ਹਾਂ ਪਿੰਗਲਵਾੜਾ ਸੰਸਥਾ ਦੇ ਮੈਂਬਰਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਦਾ ਸੰਕਲਪ ਲਿਆ ਹੈ, ਜਿਸ ਵਾਸਤੇ ਪਿੰਗਲਵਾੜਾ ਸੰਸਥਾ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਪਿੰਡਾਂ ਦੇ ਸਰਪੰਚਾਂ ਅਤੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਦੇ ਸਹਿਯੋਗ ਦੀ ਲੋੜ ਹੈ।
ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਲੋੜਵੰਦਾਂ ਤਾਈਂ ਲੰਗਰ ਪੁੱਜਦਾ ਕਰਨਾ ਵੀ ਮਨੁੱਖਤਾ ਦੀ ਸੇਵਾ ਹਿੱਸਾ ਹੈ ਅਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰ ਕੇ ਅੱਜ ਪਹਿਲੇ ਦਿਨ ਵੱਖ-ਵੱਖ ਪਿੰਡਾਂ ਤੋਂ ਪਿੰਗਲਵਾੜਾ ਸੰਸਥਾ ਵਿਚ ਸੇਵਾ ਕਰਨ ਆਉਂਦੇ ਸੇਵਾਦਾਰਾਂ ਰਾਹੀਂ ਅੱਜ ਰਾਤ ਦਾ ਲੰਗਰ ਤਿਆਰ ਕਰ ਕੇ ਪਿੰਡਾਂ ਵਿਚ ਭੇਜਾਂਗੇ ਅਤੇ ਫਿਰ ਕੱਲ• ਤੋਂ ਇਹ ਕਾਰਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੇ ਗੁਰਦੁਆਰਿਆਂ ਵਿਚ ਲੰਗਰ ਬਣਾਉਣ ਦੀ ਬੇਨਤੀ ਕੀਤੀ ਹੈ, ਤਾਂ ਜੋ ਓਥੋਂ ਦੀ ਸੰਗਤ, ਜੋ ਤਾਲਾਬੰਦੀ ਕਰ ਕੇ ਘਰਾਂ ਵਿਚ ਕੈਦ ਹੋ ਰਹਿ ਗਈ ਹੈ, ਤੱਕ ਲੰਗਰ ਪਹੁੰਚਾਇਆ ਜਾ ਸਕੇ।।