ਅਸ਼ੋਕ ਵਰਮਾ
ਬਠਿੰਡਾ, 01 ਜੂਨ 2020: ਬਲੱਡ ਬੈਂਕ ਵਿੱਚ ਖ਼ੂਨ ਦੀ ਕਮੀਂ ਨਾ ਆਵੇ ਇਸ ਨੰੂ ਮੁੱਖ ਰੱਖਦਿਆਂ ਰੈੱਡ ਕਰਾਸ ਅਤੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਨੌਜਵਾਨ ਦਸ਼ਮੇਸ਼ ਵੈਲਫੇਅਰ ਕਲੱਬ ਪਿੰਡ ਕੋਟਸ਼ਮੀਰ ਦੇ 22 ਨੌਜਵਾਨਾਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ। ਸਿਵਲ ਹਸਪਤਾਲ ਦੇ ਬਲੱਡ ਬੈਂਕ ਗਰਿਡ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਸਤੀਸ਼ ਜਿੰਦਲ ਪਹੰੁਚੇ। ਉਹਨਾਂ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਅਤੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਵੀ ਹਾਜਰ ਸਨ। ਡਾ.ਸਤੀਸ਼ ਜਿੰਦਲ ਨੇ ਇਸ ਮੌਕੇ ਕਿਹਾ ਕਿ ਕਲੱਬ ਦੇ ਨੌਜਵਾਨਾਂ ਵੱਲੋਂ ਦਾਨ ਕੀਤਾ ਖ਼ੂਨ ਥੈਲਾਸੀਮੀਆ ਦੇ ਬੱਚਿਆਂ ਦੇ ਕੰਮ ਆਵੇਗਾ ਕਿਉਂਕਿ ਇਹਨਾਂ ਬੱਚਿਆਂ ਨੰੂ ਰੈਗੂਲਰ ਖ਼ੂਨ ਦੀ ਲੋੜ ਰਹਿੰਦੀ ਹੈ। ਪਿੰਡ ਕੋਟਸ਼ਮੀਰ ਤੋਂ ਦਸ਼ਮੇਸ਼ ਕਲੱਬ ਦੇ ਪਰਧਾਨ ਪਰਮਜੀਤ ਸਿੰਘ ਪੰਮਾ ਦੀ ਅਗੁਵਾਈ ਹੇਠ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿੱਚ ਅੰਤਰਰਾਸ਼ਟਰੀ ਖਿਡਾਰੀ ਸੁਖਮੰਦਰ ਸਿੰਘ, ਅੰਤਰਰਾਸ਼ਟਰੀ ਦੌੜਾਕ ਬਲਵਿੰਦਰ ਸਿੰਘ ਨੰਬਰਦਾਰ, ਸੇਵਾਮੁਕਤ ਲੈਕਚਰਾਰ ਹਰਚਰਨ ਸਿੰਘ, ਸਾਬਕਾ ਪੰਚ ਗੁਰਮੇਲ ਸਿੰਘ ਨੇ ਵੀ ਖ਼ੂਨਦਾਨੀਆਂ ਨੰੂ ਆਸ਼ੀਰਵਾਦ ਦਿੱਤਾ।
ਕਲੱਬ ਦੇ ਸੀਨੀਅਰ ਵਰਕਰ ਸੁਖਜਿੰਦਰ ਸਿੰਘ , ਸਿਕੰਦਰ ਸਿੰਘ, ਗੁਰਜੀਤ ਸਿੰਘ, ਸਿਮਰਨਜੀਤ ਸਿੰਘ ਲਾਡੀ, ਰਣਜੀਤ ਬੁੱਟਰ ਅਤੇ ਹੋਰ ਮੈਂਬਰ ਵੀ ਹਾਜਰ ਸਨ। ਉਹਨਾਂ ਕਿਹਾ ਕਿ ਖੂਨਦਾਨ ਲਈ ਇਹ ਕਲੱਬ ਹਮੇਸ਼ਾਂ ਅੱਗੇ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਖ਼ੂਨ ਕੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਕੈਂਪ ਵਿੱਚ ਨੌਜਵਾਨ ਅਕਾਸ਼ਦੀਪ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ ਅਤੇ ਉਘੇ ਦਿਵਯਾਂਗ ਖੂਨਦਾਨੀ ਹਰਦੀਪ ਸਿੰਘ ਨੇ 116ਵੀਂ ਵਾਰ ਖ਼ੂਨਦਾਨ ਕਰਕੇ ਲੋੜਵੰਦਾਂ ਦੀ ਸੇਵਾ ਵਿੱਚ ਯੋਗਦਾਨ ਪਾਇਆ। ਬਲੱਡ ਬੈਂਕ ਇੰਚਾਰਜ ਡਾ.ਕਰਿਸ਼ਮਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਵੀ ਜ਼ਿਲੇ ਦੇ ਖ਼ੂਨਦਾਨੀਆਂ ਨੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਿਆਂ ਨਿਰੰਤਰ ਖ਼ੂਨਦਾਨ ਸੇਵਾ ਜਾਰੀ ਰੱਖੀ। ਵਿਜੇ ਭੱਟ ਅਤੇ ਨਰੇਸ਼ ਪਠਾਣੀਆ ਨੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਸ਼ਮੇਸ਼ ਕਲੱਬ ਕੋਟਸ਼ਮੀਰ ਖ਼ੂਨਦਾਨ ਤੋਂ ਇਲਾਵਾ ਹੋਰ ਸਮਾਜ ਸੇਵੀ ਕੰਮਾਂ ਵਿੱਚ ਵੀ ਹਮੇਸ਼ਾਂ ਅੱਗੇ ਰਹਿੰਦਾ ਹੈ। ਡੋਨਰਜ਼ ਨੰੂ ਗੁਰੂ ਕੀ ਸੰਗਤ ਵੱਲੋਂ ਮੀਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।