ਬਲਵਿੰਦਰ ਸਿੰਘ ਧਾਲੀਵਾਲ
- ਵਧਦੇ ਕੋਵਿਡ ਮਾਮਲਿਆਂ ਕਾਰਨ ਐਲ-2 ਤੇ ਐਲ -3 ਸ਼੍ਰੇਣੀ ਦੇ ਬੈਡਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਲਿਆ ਫੈਸਲਾ
ਸੁਲਤਾਨਪੁਰ ਲੋਧੀ, 17 ਅਪ੍ਰੈਲ 2021 - ਕਪੂਰਥਲਾ ਜਿਲ੍ਹੇ ਅੰਦਰ ‘ਇਲੈਕਟਿਵ ਸਰਜਰੀਆਂ’ (ਨਾਨ ਐਮਰਜੈਂਸੀ ਸਰਜਰੀ ਜਾਂ ਟਾਲੀਆਂ ਜਾ ਸਕਣ ਵਾਲੀਆਂ ਸਰਜਰੀਆਂ) ਉੱਪਰ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ 30 ਅਪ੍ਰੈਲ ਤੱਕ ਰੋਕ ਲਾਈ ਗਈ ਹੈ।
ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ 17 ਅਪ੍ਰੈਲ ਨੂੰ ਜਾਰੀ ਹਦਾਇਤਾਂ ਦੇ ਮੱਦੇਨੇਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਸੂਬੇ ਵਿਚ ਕਰੋਨਾ ਦੇ ਤੇਜੀ ਨਾਲ ਵਧਦੇ ਮਾਮਲਿਆਂ ਕਾਰਨ ਐਲ-2 ਤੇ ਐਲ-3 ਸ਼੍ਰੇਣੀ ਦੇ ਹਸਪਤਾਲਾਂ ਅੰਦਰ ਬੈਡਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।
ਜਿਲ੍ਹਾ ਮੈਜਿਸਟ੍ਰੇਟ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144, ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 30 ਤੇ ਐਪੀਡੈਮਿਕ ਡਿਸੀਜ਼ ਐਕਟ 1897 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਵਲੋਂ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਲਈ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਉਹ 30 ਅਪ੍ਰੈਲ 2021 ਤੱਕ ਇਲੈਕਟਿਵ ਸਰਜਰੀ ਨਹੀਂ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਕਰੋਨਾ ਦੇ ਤੇਜੀ ਨਾਲ ਵਧਦੇ ਕੇਸਾਂ ਦੇ ਕਾਰਨ ਐਲ-2 ਤੇ ਐਲ-3 ਸ਼੍ਰੇਣੀ ਵਾਲੇ ਬੈਡਾਂ ਦੀ ਉਲਬਧਤਾ ਜ਼ਰੂਰੀ ਹੈ, ਜਿਸ ਕਾਰਨ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।