ਕੋਰੋਨਾ ਪਾਜ਼ੀਟਿਵ ਲੋਕਾਂ ਦੇ ਸੰਪਰਕ ਤੋਂ ਬਚਣ ਲਈ ਸਾਰੇ ਨਾਗਰਿਕ 'ਕੋਵਾ ਐਪ' ਡਾਊਨਲੋਡ ਕਰਨ:
ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਤਹਿਤ ਚੱਲ ਰਹੇ ਕਾਰਜਾਂ ਦੀ ਸਮੀਖਿਆ
ਹਰਿੰਦਰ ਨਿੱਕਾ
ਸੰਗਰੂਰ, 11 ਮਈ 2020 : ਕੋਵਿਡ-19 ਸਬੰਧੀ ਜ਼ਿਲ੍ਹਾ ਸੰਗਰੂਰ ਵਿਖੇ ਚੱਲ ਰਹੇ ਵੱਖ ਵੱਖ ਕਾਰਜਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਜੇਕਰ ਸੰਗਰੂਰ ਜ਼ਿਲ੍ਹੇ ਦਾ ਕੋਈ ਵੀ ਵਸਨੀਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਰਫਿਊ ਜਾਂ ਲਾਕਡਾਊਨ ਕਾਰਨ ਫਸਿਆ ਹੋਇਆ ਹੈ ਤਾਂ ਉਹ ਆਪਣਾ ਉਸ ਥਾਂ ਤੋਂ ਹੀ ਮੈਡੀਕਲ ਕਰਵਾ ਕੇ ਪਾਸ ਲਈ ਬਿਨੈ ਕਰ ਸਕਦਾ ਹੈ। ਪਾਸ ਮਿਲਣ 'ਤੇ ਸਬੰਧਤ ਵਿਅਕਤੀ ਆਪਣੀ ਜਾਂ ਟੈਕਸੀ 'ਤੇ ਸਫ਼ਰ ਕਰਕੇ ਵੀ ਆਪਣੇ ਘਰ ਪਰਤ ਸਕੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਵਾਸੀਆਂ ਨੂੰ ਘਰ ਲੈ ਕੇ ਆਉਣ ਲਈ ਪੂਰੀ ਉਦਾਰਤਾ ਵਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਪਹੁੰਚਣ ‘ਤੇ ਉਨ੍ਹਾਂ ਨੂੰ ਸੰਸਥਾਤਮਕ ਕਵਾਰਨਟੀਨ ਵਿੱਚ ਰੱਖਿਆ ਜਾਵੇਗਾ ਅਤੇ ਸੈਂਪਲ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਕੁਆਰਨਟੀਨ ਰਹਿਣ ਲਈ ਭੇਜਿਆ ਜਾਵੇਗਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਗਏ ਫਲੂ ਕਾਰਨਰਾਂ 'ਤੇ ਤਾਇਨਾਤ ਡਾਕਟਰਾਂ ਦੀ ਵੀ ਨਿਯਮਤ ਤੌਰ 'ਤੇ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ । ਉਨ੍ਹਾਂ ਇਸ ਸਬੰਧੀ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਹੇ ਯੋਧਿਆਂ ਦੀ ਖੁਦ ਦੀ ਸੁਰੱਖਿਆ ਜ਼ਰੂਰੀ ਹੈ ਅਤੇ ਸਮੂਹ ਡਾਕਟਰੀ ਤੇ ਪੈਰਾ ਮੈਡੀਕਲ ਸਟਾਫ਼ ਨੂੰ ਕੋਰੋਨਾ ਵਾÎਇਰਸ ਦੇ ਸੰਕਰਮਣ ਤੋਂ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਹੋਏ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਲਈ ਆਪਣੇ ਮੋਬਾਇਲ ਵਿੱਚ ਕੋਵਾ ਐਪਲੀਕੇਸ਼ਨ ਨੂੰ ਜ਼ਰੂਰ ਡਾਊਨਲੋਡ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਾਜ਼ਿਟਿਵ ਕੇਸਾਂ ਦੇ ਨਾਲ-ਨਾਲ ਕੋਵਾ ਐਪ ‘ਤੇ ਕੋਰੋਨਾ ਵਾਇਰਸ ਸੰਬੰਧੀ ਸਹੀ ਤੇ ਸਟੀਕ ਜਾਣਕਾਰੀ ਉਪਲਬਧ ਹੈ।
ਮੀਟਿੰਗ ਦੌਰਾਨ ਵੱਖ-ਵੱਖ ਰਾਜਾਂ ਤੋਂ ਸੰਗਰੂਰ ਜ਼ਿਲ੍ਹੇ ਵਿੱਚ ਪਰਤ ਰਹੇ ਨਾਗਰਿਕਾਂ ਅਤੇ ਇਥੋਂ ਪ੍ਰਦੇਸ਼ਾਂ ਨੂੰ ਜਾਣ ਵਾਲੇ ਨਾਗਰਿਕਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਹੋਰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਬੰਧੀ ਵੀ ਸ੍ਰੀ ਥੋਰੀ ਨੇ ਹਦਾਇਤਾਂ ਜਾਰੀ ਕੀਤੀਆਂ।
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਦੇਵਦਰਸ਼ਦੀਪ ਸਿੰਘ, ਵਣ ਮੰਡਲ ਅਧਿਕਾਰੀ ਵਿਦਿਆ ਸਾਗਰੀ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ, ਸਿਵਲ ਸਰਜਨ ਡਾ. ਰਾਜ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਮਹੇਸ਼ ਅਹੂਜਾ, ਉਪ ਅਰਥ ਤੇ ਅੰਕੜਾ ਸਲਾਹਕਾਰ ਪਰਮਜੀਤ ਸਿੰਘ, ਐਸ.ਐਮ.ਓ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਐਪੋਡੋਮੋਲਿਜਸਟ ਡਾ. ਸਨਵੀਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।