ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 11 ਅਪ੍ਰੈਲ 2021 - ਅਮਰੀਕਾ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਹਜਾਰਾਂ ਲੋਕਾਂ ਦੀ ਜਾਨ ਜਾਂਦੀ ਹੈ। ਦੇਸ਼ ਦੀ ਸੰਘਣੀ ਵਸੋਂ ਵਾਲੇ ਸੂਬੇ ਕੈਲੀਫੋਰਨੀਆ ਵਿੱਚ ਵੀ ਹਜਾਰਾਂ ਲੋਕਾਂ ਸੜਕਾਂ 'ਤੇ ਆਪਣੀ ਜਾਨ ਗਵਾ ਬੈਠਦੇ ਹਨ। ਇਸ ਸੰਬੰਧੀ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਕੈਲੀਫੋਰਨੀਆ ਵਿੱਚ ਸੜਕ ਹਾਦਸਿਆਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜਿਹਨਾਂ ਵਿੱਚ ਪੈਦਲ ਯਾਤਰੀ ਵੀ ਸ਼ਾਮਿਲ ਹਨ।
ਜਦਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਬਹੁਤ ਘੱਟ ਲੋਕਾਂ ਨੇ ਡਰਾਈਵ ਕੀਤੀ ਪਰ ਜਿਨ੍ਹਾਂ ਲੋਕਾਂ ਨੇ ਡਰਾਈਵਿੰਗ ਕੀਤੀ ਉਹਨਾਂ ਨੇ ਵਧੇਰੇ ਖੁੱਲ੍ਹੀਆਂ ਸੜਕਾਂ 'ਤੇ ਤੇਜ਼ੀ ਨਾਲ ਵਾਹਨ ਚਲਾਏ ਜੋ ਹਾਦਸਿਆਂ ਦੇ ਕਾਰਨ ਬਣੇ। ਇਹਨਾਂ ਹਾਦਸਿਆਂ ਨੂੰ ਘੱਟ ਕਰਨ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੀ ਵਿਸ਼ਾਲ ਬੁਨਿਆਦੀ ਢਾਂਚੇ ਦੀ ਯੋਜਨਾ ਦੇਸ਼ ਭਰ ਵਿੱਚ 20 ਬਿਲੀਅਨ ਡਾਲਰ ,ਸੁਰੱਖਿਆ ਪ੍ਰੋਗਰਾਮ ਲਈ ਸਮਰਪਿਤ ਕਰੇਗੀ।
ਅਮਰੀਕੀ ਟ੍ਰੈਫਿਕ ਸੇਫਟੀ ਸਰਵਿਸਿਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਨਾਥਨ ਸਮਿੱਥ ਅਨੁਸਾਰ ਰਾਸ਼ਟਰਪਤੀ ਸੁਰੱਖਿਆ ਨੂੰ ਖਰਚੇ ਦੀ ਤਰਜੀਹ ਬਣਾ ਰਹੇ ਹਨ ,ਇਹ ਇੱਕ ਵੱਡਾ ਹੈ। ਪਿਛਲੇ ਸਾਲ ਦੀ ਰਾਸ਼ਟਰਪਤੀ ਮੁਹਿੰਮ ਵਿੱਚ, ਬਾਈਡੇਨ ਅਤੇ ਪੀਟ ਬੱਟਗੀਗ, ਜੋ ਹੁਣ ਕੇਂਦਰੀ ਆਵਾਜਾਈ ਸਕੱਤਰ ਹਨ, ਨੇ ਸੁਰੱਖਿਆ ਪ੍ਰੋਗਰਾਮਾਂ ਲਈ ਵਧੇਰੇ ਸਹਾਇਤਾ ਦਾ ਵਾਅਦਾ ਕੀਤਾ ਸੀ। ਇਸ ਸੰਬੰਧੀ ਕੈਲੀਫੋਰਨੀਆ ਵਿੱਚ, ਵਾਧੂ ਪੈਸੇ ਦੀ ਵਰਤੋਂ ਉਨ੍ਹਾਂ ਪ੍ਰੋਗਰਾਮਾਂ ਲਈ ਕੀਤੀ ਜਾ ਸਕਦੀ ਹੈ ਜਿਹੜੇ ਪੈਦਲ ਯਾਤਰੀਆਂ ਦੀ ਸੁਰੱਖਿਆ 'ਤੇ ਜ਼ੋਰ ਦਿੰਦੇ ਹਨ।
ਇਸ ਤੋਂ ਇਲਾਵਾ, ਤੇਜ਼ ਰਫ਼ਤਾਰ ਨੂੰ ਹੱਲ ਕਰਨ ਦੀਆਂ ਵਧੇਰੇ ਕੋਸ਼ਿਸ਼ਾਂ ਅਤੇ ਡਰਾਈਵਰਾਂ ਨੂੰ ਹੌਲੀ ਕਰਨ ਲਈ ਪ੍ਰੇਰਿਤ ਕਰਨਾ ਵੀ ਸਰਕਾਰ ਦੀ ਤਰਜੀਹ ਹੈ। ਸੜਕ ਹਾਦਸਿਆਂ ਦੇ ਸੰਬੰਧ ਵਿੱਚ ਰਾਸ਼ਟਰੀ ਪੱਧਰ 'ਤੇ, ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ, ਪਿਛਲੇ ਸਾਲ ਟ੍ਰੈਫਿਕ ਮੌਤਾਂ 2019 ਤੋਂ 8% ਵੱਧ ਕੇ 40,060 ਹੋ ਗਈਆਂ ਸਨ, ਜਦਕਿ ਕੈਲੀਫੋਰਨੀਆ ਵਿੱਚ ਪਿਛਲੇ ਸਾਲ 3,723 ਟ੍ਰੈਫਿਕ ਮੌਤਾਂ ਹੋਈਆਂ ਸਨ, ਜੋ ਕਿ 2019 ਤੋਂ 5% ਵੱਧ ਹਨ। ਸੂਬੇ ਦੇ ਹਾਈਵੇਅ ਸੇਫਟੀ ਐਸੋਸੀਏਸ਼ਨ ਦੇ ਅਨੁਸਾਰ ਰਾਜ ਦੇ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 485 ਪੈਦਲ ਯਾਤਰੀਆਂ ਦੀ ਮੌਤ ਹੋਈ ਸੀ, ਜੋ ਕਿ ਇੱਕ ਸਾਲ ਪਹਿਲਾਂ ਦੇ ਇਸੇ ਅਰਸੇ ਤੋਂ 5% ਵੱਧ ਸੀ।