ਅਸ਼ੋਕ ਵਰਮਾ
ਬਠਿੰਡਾ,16ਅਪਰੈਲ2021:ਪੰਜਾਬ ਸਰਕਾਰ ਵੱਲੋਂ 30 ਅਪਰੈਲ ਤੱਕ ਆਈਲੈਟਸ ਕੋਚਿੰਗ ਸੈਂਟਰਾਂ ਤੇ ਲਾਈ ਪਾਬੰਦੀ ਨੂੰ ਲੈਕੇ ਅੱਜ ਵੱਖ ਵੱਖ ਸੈਂਟਰਾਂ ’ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀ ਅਤੇ ਸਟਾਫ ਮੈਂਬਰ ਸੜਕਾਂ ਤੇ ਉੱਤਰੇ ਅਤੇ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਅਜੀਤ ਰੋਡ ਤੇ ਪਏ ਰੱਫੜ ਨੂੰ ਦੇਖਦਿਆਂ ਲਾਗਲੇ ਵਾਰਡ ਦੇ ਕੌਂਸਲਰ ਅਤੇ ਡਿਪਟੀ ਮੇਅਰ ਮਾਸਟਰ ਹਰੰਮਦਰ ਸਿੰਘ ਤੇ ਕਾਂਗਰਸੀ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਮੌਕੇ ਤੇ ਪੁੱਜੇ। ਦੋਵਾਂ ਕਾਂਗਰਸੀ ਆਗੂਆਂ ਨੇ ਮੁਜਾਹਰਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਜਵਾਬ ’ਚ ਭਡਕੇ ਲੋਕਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਪੰਜਾਬ ਸਰਕਾਰ ਨੂੰ ਮੱਤਾਂ ਦੇਣ ਜਿਸ ਨੇ ਬਿਨਾਂ ਸੋਚਿਆਂ ਸਮਝਿਆਂ ਕਰੋਨਾ ਦੀ ਆੜ ’ਚ ਉਨ੍ਹਾਂ ਦੀ ਰੋਜੀ ਰੋਟੀ ਨੂੰ ਲੱਤ ਮਾਰਨ ਵਾਲਾ ਫੈਸਲਾ ਲਿਆ ਹੈ।
ਬਾਰਸ਼ ਦੇ ਬਾਵਜੂਦ ਰੋਸ ਮੁਜਾਹਰਾ ਕਰਨ ਵਾਲਿਆਂ ਨੇ ਅਜੀਤ ਰੋਡ ਤੇ ਭੜਥੂ ਪਾਇਆ ਅਤੇ ਵਿੱਤ ਮੰਤਰੀ ਖਿਲਾਫ ਨਾਅਰੇਬਾਜੀ ਕੀਤੀ।ਇਸ ਦੌਰਾਨ ਕਈ ਆਈਲੈਟਸ ਸੈਂਟਰਾਂ ਦੇ ਪ੍ਰਬੰਧਕ, ਸਟਾਫ਼ ਤੇ ਵਿਦਿਆਰਥੀਆਂ ਨੇ ਹੱਥਾਂ ‘ਚ ‘ਸਿਨੇਮਾ ਜ਼ਰੂਰੀ ਜਾਂ ਪੜ੍ਹਾਈ’, ‘ਸੈਂਟਰ ਬੰਦ ਕਿਸੇ ਵੀ ਮਸਲੇ ਦਾ ਹੱਲ ਨਹੀਂ ਅਤੇ ਅਸੀਂ ਇੰਸਟੀਚਿਊਟ ਕੋਚਿੰਗ ਸੈਂਟਰ ਬੰਦ ਕਰਨ ਦਾ ਵਿਰੋਧ ਕਰਦੇ ਹਾਂ ਆਦਿ ਦੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਅਜੀਤ ਰੋਡ ‘ਤੇ ਇਕੱਤਰ ਹੋਏ ਭਾਰੀ ਗਿਣਤੀ ‘ਚ ਵਿਦਿਆਰਥੀਆਂ ਨੇ ਕਿਹਾ ਕਿ ਅਚਾਨਕ ਆਈਲੈਟਸ ਤੇ ਕੋਚਿੰਗ ਸੈਂਟਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਰੋਨਾ ਹੈ ਤਾਂ ਫਿਰ ਠੇਕੇ ਕਿਓਂ ਖੋਹਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ’ਚ ਭਾਰੀ ਭੀੜਾਂ ਹਨ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨਪਰ ਸਰਕਾਰ ਨੂੰ ਕਰੋਨਾ ਦਿਖਾਈ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਸੋਰਕਾਰ ਕਿਸ ਅੱਖ ਨਾਲ ਦੇਖਦੀ ਹੈ ਉਸ ਨੂੰ ਆਈਲੈਟਸ ਇੰਸਟੀਚਿਊਟਾਂ ਅਤੇ ਕੋਚਿੰਗ ਸੈਂਟਰਾਂ ’ਚ ਕਰੋਨਾ ਦਿਖਣ ਲੱਗ ਜਾਂਦਾ ਹੈ। ਉਨ੍ਹਾਂ ਆਖਿਆ ਕਿ ਮੰਤਰੀਆਂ ਦੀ ਆਮਦ ਤੇ ਪਾਰਟੀਆਂ ਦੇ ਵਰਕਰ ਇਕੱਠੇ ਹੁੰਦੇ ਹਨ ਅਤੇ ਸਰਕਾਰੀ ਸਮਾਗਮਾਂ ਦੌਰਾਨ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਜਿਸ ਨੂੰ ਦੇਖਕੇ ਅਫਸਰ ਅੱਖਾਂ ਬੰਦ ਕਰ ਲੈਂਦੇ ਹਨ। ਭੁਪਿੰਦਰ ਅਰੋੜਾ ਨਾਂ ਦੇ ਇੱਕ ਵਿਅਕਤੀ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਜੇਕਰ ਠੇਕਿਆਂ ਅਤੇ ਪਾਰਕਾਂ ’ਚ ਕਰੋਨਾਂ ਨਹੀਂ ਆਉਂਦਾ ਤਾਂ ਉਨ੍ਹਾਂ ਸ਼ਰਾਬ ਦੇ ਠੇਕੇ ਜਾਂ ਪਾਰਕ ’ਚ ਕਲਾਸਾਂ ਲਾਉਣ ਦੀ ਇਜਾਜਤ ਦਿੱਤੀ ਜਾਏ।
ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਲੱਗੇ ਲਾਕਡਾਊਨ ਅਤੇ ਕਰਫਿਊ ਤੋਂ ਹਾਲੇ ਤੱਕ ਉਭਰੇ ਨਹੀਂ ਸਨ ਪਰ ਹੁਣ ਫਿਰ ਤੋਂ 30 ਅਪ੍ਰਰੈਲ ਤੱਕ ਆਈਲੈਟਸ ਤੇ ਕੋਚਿੰਗ ਸੈਂਟਰਾਂ ਨੂੰ ਬੰਦ ਕਰਨ ਦਾ ਫਰਮਾਨ ਚਾੜ੍ਹ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਸੇ ਤਰਾਂ ਜਾਰੀ ਰਿਹਾ ਤਾਂ ਇਨ੍ਹਾਂ ਇੰਸਟੀਚਿਊਟਾਂ ਜਾਂ ਕੋਚਿੰਗ ਸੈਂਟਰਾਂ ’ਚ ਕੰਮ ਕਰਨ ਵਾਲਿਆਂ ਦੀਆਂ ਤਨਖ਼ਾਹਾਂ ਕਿੱਥੋਂ ਦੇਣਗੇ ਅਤੇ ਘਰ ਦਾ ਖਰਚਾ ਕਿਸ ਤਰਾਂ ਚੱਲੇਗਾ। ਉਨ੍ਹਾਂ ਆਖਿਆ ਕਿ ਇੱਥੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਭਵਿੱਖ ਲਈ ਯੋਜਨਾਵਾਂ ਉਲੀਕੀਆਂ ਹਨ ਜਿੰਨ੍ਹਾਂ ਨੂੰ ਪਾਬੰਦੀ ਕਾਰਨ ਵੱਡਾ ਝਟਕਾ ਲੱਗਣ ਦਾ ਅੰਦੇਸ਼ਾ ਹੈ।
ਸਮੂਹ ਮੁਜਾਹਰਾਕਾਰੀਆਂ ਨੇ ਕੁੱਝ ਨਿਯਮ ਬਣਾਕੇ ਉਨ੍ਹਾਂ ਨੂੰ ਆਪੋ ਆਪਣੇ ਅਦਾਰੇ ਖੋਹਲਣ ਦੇਣ ਦੀ ਮੰਗ ਕੀਤੀ। ਇਸ ਮੌਕੇ ਆਈਲੈਟਸ ਐਂਡ ਇਮੀਗੇ੍ਰਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕਰਨ ਸਿੰਘ ਬਰਾੜ , ਜਨਰਲ ਸਕੱਤਰ ਜਾਮਣੀ ਦੱਤ, ਖਜ਼ਾਨਚੀ ਲਵਪ੍ਰਰੀਤ ਸਿੰਘ ਥਿੰਦ, ਈ ਐਲ ਆਈ ਟਿੰਸਟੀਚਿਊਟ ਦੇ ਭੁਪਿੰਦਰ ਅਰੋੜਾ ਅਤੇ ਈ ਸਕੂਲ ਦੇ ਰੁਪਿੰਦਰ ਸਿੰਘ ਆਦਿ ਵੀ ਹਾਜਰ ਸਨ।
ਕੋਚਿੰਗ ਸੈਂਟਰਾਂ ਤੇ 30 ਅਪ੍ਰੈਲ ਤੱਕ ਰੋਕ
ਜਿਲ੍ਹਾ ਮੈਜਿਸਟਰੇਟ ਬੀ ਸ੍ਰੀ ਨਿਵਾਸਨ ਨੇ ਕੋਵਿਡ-19 ਦੇ ਮਾਮਲਿਆਂ ’ਚ ਵਾਧਾ ਹੁਣ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਭੀੜ ਨੂੰ ਰੋਕਣ ਲਈ 30 ਅਪਰੈਲ ਤੱਕ ਆਈਲੈਟਸ ਅਤੇ ਕੋਚਿੰਗ ਸੈਂਟਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਮੁਤਾਬਕ ਇਸ ਪਾਬਘਦੀ ਦੌਰਾਨ ਸਿਰਫ਼ ਆਨਲਾਈਨ ਕਲਾਸਾਂ ਲਾਉਣ ਦੀ ਹੀ ਆਗਿਆ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਏਗੀ।