1 ਵਿਅਕਤੀ ਬੁਢਲਾਡਾ ਅਤੇ 1 ਔਰਤ ਛੱਤੀਸਗੜ ਨਾਲ ਸਬੰਧਤ
ਅਸ਼ੋਕ ਵਰਮਾ
ਮਾਨਸਾ, 11 ਮਈ 2020: ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤੇ ਕੋਰੋਨਾ ਪਾਜ਼ਿਟੀਵ ਵਿੱਚੋਂ ਜਿਨਾਂ 2 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਸੀ, ਉਨਾਂ ਨੂੰ ਸਿਵਲ ਹਸਪਤਾਲ ਮਾਨਸਾ ਤੋਂ ਅੱਜ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਬੁਢਲਾਡਾ ਨਿਵਾਸੀ 42 ਸਾਲਾ ਵਿਅਕਤੀ ਅਤੇ 34 ਦਿਨਾਂ ਤੋਂ ਇਲਾਜ਼ ਕਰਵਾ ਰਹੀ 55 ਸਾਲਾ ਔਰਤ ਨਿਵਾਸੀ ਛੱਤੀਸਗੜ ਪਿਛਲੇ 17 ਦਿਨਾਂ ਤੋਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਕਰਵਾ ਰਹੇ ਸਨ। ਉਨਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਛੱਤੀਸਗੜ ਤੋਂ ਆਈ ਇਸ ਔਰਤ ਦੀ 7 ਅਪ੍ਰੈਲ ਨੂੰ ਰਿਪੋਰਟ ਪਾਜ਼ਿਟੀਵ ਆਉਣ ’ਤੇ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਸੀ।
ਸਿਵਲ ਸਰਜਨ ਨੇ ਦੱਸਿਆ ਕਿ 42 ਸਾਲਾ ਵਿਅਕਤੀ ਬੁਢਲਾਡਾ ਨਿਵਾਸੀ ਛੱਤੀਸਗੜ ਵਾਲੇ ਵਿਅਕਤੀਆਂ ਦੇ ਸੈਂਪਲ ਪਾਜਿਟੀਵ ਆਉਣ ਤੋਂ ਬਾਅਦ ਉਨਾਂ ਦੇ ਸੰਪਰਕ ਵਾਲੇ ਇਸ ਕੋਰੋਨਾ ਮਰੀਜ਼ ਦੇ 24 ਅਪ੍ਰੈਲ ਨੂੰ ਸੈਂਪਲ ਪਾਜ਼ਿਟੀਵ ਆਉਣ ’ਤੇ ਇਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤਾ ਗਿਆ ਸੀ। ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਜੋ ਕੱਲ 12 ਕੋਰੋਨਾ ਪਾਜ਼ਿਟੀਵ ਵਿਅਕਤੀ ਆਏ ਸਨ, ਉਨਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਵਿੱਚ ਕੋਰੋਨਾ ਪਾਜ਼ਿਟੀਵ 33 ਕੇਸ ਹਨ, ਜਿੰਨਾਂ ਵਿੱਚੋਂ 8 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਡਿਸਚਾਰਜ ਕਰ ਦਿੱਤਾ ਗਿਆ ਹੈ ਤੇ 25 ਮਰੀਜ਼ਾਂ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸੇ ਤਰਾਂ ਹੀ ਹਰ ਕੋਰੋਨਾ ਮਰੀਜ ਆਪਣਾ ਇਲਾਜ ਅਤੇ ਇਕਾਂਤਵਾਸ ਵਿੱਚ ਰਹਿ ਕੇ ਕੋਰੋਨਾ ਵਾਇਰਸ ਨੂੰ ਹਰਾ ਸਕਦਾ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ, ਘਰਾਂ ਤੋਂ ਬਾਹਰ ਨਾ ਨਿਕਲਣ, ਸਿਰਫ. ਜ਼ਰੂਰੀ ਕੰਮ ਲਈ ਹੀ ਆਪਣੇ ਘਰ ਤੋਂ ਬਾਹਰ ਜਾਇਆ ਜਾਵੇ, ਘਰ ਤੋਂ ਬਾਹਰ ਜਾਣ ਲੱਗੇ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਸ਼ੋਸ਼ਲ ਡਿਸਟੈਂਨਸਿੰਗ ਬਣਾ ਕੇ ਰੱਖੀ ਜਾਵੇ, ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਇਆ ਜਾਵੇ ਅਤੇ ਸੁੱਕੀ ਖੰਘ, ਜੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ’ਤੇ ਆਪਣੀ ਜਾਂਚ ਕਰਵਾਈ ਜਾਵੇ। ਉਨਾਂ ਕਿਹਾ ਕਿ ਸਰਕਾਰ ਦੁਆਰਾ ਸਿਹਤ ਸੇਵਾਵਾਂ ਲਈ ਚਲਾਈ ਗਈ ਈ-ਸੰਜੀਵਨੀ ਆਨਲਾਈਨ ਓ.ਪੀ.ਡੀ. ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ, ਡਾ. ਸੁਨੀਲ ਬਾਂਸਲ, ਡਾ. ਪੰਕਜ ਗਰਗ ਅਤੇ ਸਟਾਫ ਹਾਜ਼ਰ ਸਨ।