ਕੋਰੋਨਾ ਪ੍ਰਬੰਧਾਂ ’ਚ ਖਾਮੀਆਂ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ : ਅਕਾਲੀ ਦਲ
ਚੰਡੀਗੜ੍ਹ, 12 ਅਪ੍ਰੈਲ,2021 : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੋਰੋਨਾ ਨਾਲ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਤ ਜ਼ਿਲਿ੍ਹਆਂ ਦਾ ਦੌਰਾ ਕਰਨ ਵਾਲੀ ਕੇਂਦਰੀ ਟੀਮ ਵੱਲੋਂ ਕੋਰੋਨਾ ਪ੍ਰਬੰਧਨ ਵਿਚ ਵਿਆਪਕ ਖਾਮੀਆਂ ਕੱਢਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਣਾ ਹੈ ਕਿਉਂ ਕਿ ਮੁੱਖ ਮੰਤਰੀ ਨੇ ਮੈਡੀਕਲ ਬੁਨਿਆਦੀ ਢਾਂਚੇ ਤੇ ਸਿਹਤ ਸੰਭਾਲ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਥਾਂ ਵਿਰੋਧੀ ਧਿਰ ਦੀਆਂ ਸਿਆਸੀ ਗਤੀਵਿਧੀਆਂ ’ਤੇ ਰੋਕ ਲਾਉਣ ਨੂੰ ਤਰਜੀਹ ਦਿੱਤੀ ਹੈ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਹਾਲਾਤਾਂ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਦੇਸ਼ ਵਿਚ ਮੌਤ ਦਰ ਪੰਜਾਬ ਵਿਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੀ ਸ਼ੁਰੂਆਤ ਵੇਲੇ ਤੋਂ ਹਾਲਾਤਾਂ ’ਤੇ ਕਾਬੂ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ’ਤੇ ਇਕਾਂਤਵਾਸ ਕਰ ਲਿਆ ਸੀ ਤੇ ਬਾਅਦ ਵਿਚ ਕੋਰੋਨਾ ਸੰਭਾਲ ਚੀਜ਼ਾਂ ਦੀ ਖਰੀਦ ਵਿਚ ਵੱਡੇ ਘੁਟਾਲੇ ਹੋਏ ਟੈਸਟਿੰਗ ਵਿਚ ਵੱਡੀ ਪੱਧਰ’ਤੇ ਬੇਨਿਯਮੀਆਂ ਹੋਈਆਂ, ਕੋਰੋਨਾ ਕਿੱਟਾਂ ਦੀ ਖਰੀਦ ਵਿਚ ਘੁਟਾਲੇ ਹੋਏ ਤੇ ਵੈਂਟੀਲੇਟਰਾਂ ਤੇ ਐਂਬੂਲੈਂਸਾਂ ਦੀਘਾਟ ਬਣ ਗਈ। ਉਹਨਾਂ ਕਿਹਾ ਕਿ ਇਸ ਕਾਰਨ ਲੋਕਾਂ ਦਾ ਸਰਕਾਰੀ ਸਹੂਲਤਾ ਤੋਂ ਵਿਸ਼ਵਾਸ ਉਠ ਗਿਆ ਤੇ ਲੋਕਾਂ ਨੇ ਮੰਨ ਲਿਆ ਕਿ ਸਰਕਾਰ ਕੋਰੋਨਾ ’ਤੇ ਕਾਬੂ ਪਾਉਣ ਲਈ ਕੋਈਯਤਨ ਨਹੀਂ ਕਰ ਰਹੀ। ਹਰਸਿਮਰਤ ਕੌਰ ਬਾਦਲ ਨੈ ਕਿਹਾ ਕਿ ਇਹ ਪਹਿਲੀ ਕੇਂਦਰੀ ਟੀਮ ਦੀ ਰਿਪੋਰਟ ਵਿਚ ਵੀ ਸਾਹਮਣੇ ਆਇਆ ਹੈ ਜਿਸਨੇ ਦੱਸਿਆ ਹੈ ਕਿ ਪਟਿਆਲਾ, ਲੁਧਿਆਣਾ ਤੇ ਮੁਹਾਲੀ ਜ਼ਿਲਿ੍ਹਆਂ ਵਿਚ ਬਹੁਤ ਮੰਦਾ ਹਾਲ ਹੈ ਕਿਉਂਕਿ ਇਹਨਾਂਵਿਚ ਸੰਪਰਕ ਵਿਚ ਆਏ ਵਿਅਕਤੀਆਂ ਦੀ ਤਲਾਸ਼ ਹੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸੇ ਤਰੀਕੇ ਟੀਮ ਨੇ ਦੱਸਿਆ ਹੈ ਕਿ ਰੋਪੜ ਵਿਚ ਬਹੁਤ ਘੱਟ ਟੈਸਟਿੰਗ ਹੋਈ ਤੇ ਇਥੇ ਟੈਸਟਾਂ ਵਾਸਤੇ ਲੈਬਾਰਟਰੀ ਦੀ ਘਾਟ ਰਹੀ ਜਦਕਿ ਰੋਪੜ ਤੇ ਮੁਹਾਲੀ ਵਿਚ ਕੋਰੋਨਾ ਲਈ ਸਮਰਪਿਤ ਹਸਪਤਾਲ ਹੀ ਨਹੀਂ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਕੋਰੋਨਾ ਵੈਕਸੀਨੇਸ਼ਨ ਸੁਸਤ ਰਫਤਾਰ ਨਾਲ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਮੁੱਖ ਮੰਤਰੀ ਨੂੰ ਹਾਲਾਤਾਂ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣ ਅਤੇ ਸਭ ਤੋਂ ਪ੍ਰਭਾਵਤ 9 ਜ਼ਿਲਿ੍ਹਆਂ ਦਾ ਦੌਰਾ ਕਰ ਕੇ ਜ਼ਮੀਨੀ ਪੱਧਰ ’ਤੇ ਲੋੜੀਂਦੀਆਂ ਤਬਦੀਲੀਆਂ ਯਕੀਨੀ ਬਣਾਉਣ ਲਈ ਆਖਦਿਆਂ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਕੋਰੋਨਾ ਦੀ ਸ਼ੁਰੂਆਤ ਹੋਣ ਤੋਂ ਇਕ ਸਾਲ ਬਾਅਦ ਵੀ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਮੈਡੀਕਲ ਬੁਨਿਆਦੀ ਢਾਂਚਾ ਅਪਗ੍ਰੇਡ ਕਰਨ ਵਿਚ ਨਾਕਾਮ ਰਹੀ ਹੈ । ਉਹਨਾਂ ਨੇ ਮੁੱਖ ਮੰਤਰੀ ਨੂੰ ਰਿਪੋਰਟ ’ਤੇ ਤੁਰੰਤ ਕਾਰਵਾਈ ਕਰਨ ਅਤੇ ਕੇਂਦਰੀ ਟੀਮ ਵੱਲੋਂ ਦੱਸੀਆਂ ਖਾਮੀਆਂ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਮਿਲੇ ਪੈਸੇ ਦਾ ਆਡਿਟ ਹੋਣਾ ਚਾਹੀਦਾ ਹੈ ਤੇ ਕੋਰੋਨਾ ਫੰਡਾਂ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਸ਼ਨਾਖ਼ਤ ਹੋਣੀ ਚਾਹੀਦੀ ਹੈ ਤੇ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੋਰੋਨਾ ਨੁੰ ਬਹਾਨਾ ਬਣਾ ਕੇ ਵਿਰੋਧੀਆਂ ਨੂੰ ਨਿਸ਼ਾਨਾ ਨਾ ਬਣਾਉਣ ਤੇ ਕਿਹਾ ਕਿ ਅਕਾਲੀ ਦਲ ਦੇ ਸਿਆਸੀ ਇਕੱਠਾਂ ’ਤੇ ਤਾਂ ਪਾਬੰਦੀ ਲਗਾ ਦਿੱਤੀ ਜਦਕਿ ਕਾਂਗਰਸ ਦੇ ਮੰਤਰੀਆਂ ਨੇ ਨੀਂਹ ਪੱਥਰ ਰੱਖਣ ਦੀ ਝੜੀ ਲਗਾਈ ਹੋਈ ਹੈ ਤੇ ਸੂਬੇ ਭਰ ਵਿਚ ਜਨਤਕ ਮੀਟਿੰਗਾਂ ਕਰ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਵਿਗਿਆਨਕ ਆਧਾਰ ’ਤੇ ਫੈਸਲੇ ਲੈਣ ਤੇ ਰਾਤ ਦੇ ਕਰਫਿਊ ਵਰਗੇ ਬੇਤੁਕੇ ਕਦਮ ਤੁਰੰਤ ਵਾਪਸ ਲੈਣ। ਉਹਨਾਂ ਨੇ ਸਰਕਾਰ ਨੂੰ ਕੁਝ ਪਾਬੰਦੀਆਂ ਕਾਰਨ ਹੋ ਰਹੀ ਆਰਥਿਕ ਤਬਾਹੀ ਦਾ ਨੋਟਿਸ ਲੈਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਇਹ ਪਾਬੰਦੀਆਂ ਤਰਕ ਸੰਗਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਵਪਾਰ ਗੁਆਂਢੀ ਸੂਬਿਆਂ ਵਿਚ ਹੀ ਨਾ ਚਲਾ ਜਾਵੇ। ਉਹਨਾਂ ਨੇ ਸਰਕਾਰੀ ਹਸਪਤਾਲਾਂ ਵਿਚ ਤੀਜੇ ਪੱਧਰ ਦੀਆਂ ਇਲਾਜ ਸਹੂਲਤਾਂ ਵਿਚ ਸੁਧਾਰ ਲਿਆਉਣ ਦੇ ਨਾਲ ਨਾਲ ਵੈਕਸੀਨੇਸ਼ਨ ਮੁਹਿੰਮ ਤੇਜ਼ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।