ਹਰੀਸ਼ ਕਾਲੜਾ
- ਮਾਈਕਰੋ ਕੰਨਟੇਨਮੈਂਟ ਜ਼ੋਨਾਂ 'ਚ ਲੋਕਾਂ ਦੀ ਆਵਾਜਾਈ ਤੇ ਮੁਕੰਮਲ ਪਾਬੰਦੀ ਲਗਾਉਣ ਅਤੇ ਇਨ੍ਹਾਂ ਖੇਤਰਾਂ 'ਚ ਲੋਕਾਂ ਦੀ 100 ਫੀਸਦੀ ਸੈਪਲਿੰਗ ਯਕੀਨੀ ਬਣਾਉਣ ਦੇ ਨਿਰਦੇਸ਼
- 45 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਕਰੋਨਾ ਦੀ ਰੋਕਥਾਮ ਦਾ ਟੀਕਾ ਲਗਵਾਉਣ ਦੀ ਅਪੀਲ
ਰੂਪਨਗਰ, 01 ਅਪ੍ਰੈਲ 2021:ਕਰੋਨਾ ਵਾਇਰਸ ਦਾ ਚਲ ਰਿਹਾ ਇਹ ਦੂਜਾ ਪੜਾਅ ਬੜਾ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਜ਼ਿਲ੍ਹਾ ਰੂਪਨਗਰ ਲਈ ਅਗਲੇ 15 ਦਿਨ ਕਾਫੀ ਸੰਕਟਮਈ ਹੋਣਗੇ ਜੇਕਰ ਸਿਹਤ ਵਿਭਾਗ, ਪੁਲਿਸ ਦੇ ਸਿਵਲ ਪ੍ਰਸ਼ਾਸਨ ਵਲੋਂ ਕੋਵਿਡ ਮਹਾਂਮਾਰੀ ਤੇ ਫੈਲਾਅ ਨੂੰ ਰੋਕਣ ਲਈ, ਕੋਵਿਡ ਲਾਗ ਤੋਂ ਪੀੜ੍ਹਤ ਵਿਅਕਤੀਆਂ ਦੀ ਪਛਾਣ ਲਈ, ਕੋਵਿਡ ਦੇ ਸੱਕੀ ਮਰੀਜ਼ਾਂ ਨੂੰ ਹੋਮ ਆਈਸੋਲੇਟ ਕਰਨ ਅਤੇ ਕਰੋਨਾ ਵਾਇਰਸ ਦੇ ਟੀਕਾਕਰਨ ਸਬੰਧੀ ਜਾਰੀ ਹਦਾਇਤਾਂ ਨੂੰ ਸਖਤੀ ਨਾਲ ਜ਼ਮੀਨੀ ਪੱਧਰ ਤੇ ਲਾਗੂ ਨਾ ਕੀਤਾ ਗਿਆ।
ਕਰੋਨਾ ਵਾਇਰਸ ਦੇ ਜ਼ਿਲ੍ਹੇ ਵਿਚ ਵਧਦੇ ਪ੍ਰਭਾਵ ਦੀ ਸਮੀਖਿਆ ਕਰਨ ਲਈ ਸੱਦੀ ਗਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਸੋਨਾਲੀ ਗਿਰੀ ਨੇ ਸਮੂਹ ਅਧਿਕਾਰੀਆਂ ਨੂੰ ਇਹ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਕੇਸ ਤੇਜੀ ਨਾਲ ਵੱਧ ਰਹੇ ਹਨ ਜਿਸ ਨਾਲ ਮੋਜ਼ੂਦਾ ਸਮੇਂ ਪੰਜ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਦੇ ਨਾਲ ਨਾਲ ਇਕ ਕੰਨਟੇਨਮੈਂਟ ਜ਼ੋਨ ਬਣਾਇਆ ਜਾ ਚੁੱਕਿਆ ਹੈ। ਡਿਪਟੀ ਕਮਿਸ਼ਨਰ ਨੈ ਸਿਹਤ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਹਦਾਇਤ ਕੀਤੀ ਕਿ ਬਣਾਏ ਗਏ ਇਨਾਂ ਜ਼ੋਨਾਂ ਵਿਚ ਲੋਕਾਂ ਦੀ ਆਵਾਜਾਈ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਏ ਜਾਣ ਲਈ ਸਖਤ ਇੰਤਜਾਮ ਕੀਤੇ ਜਾਣ। ਊਨ੍ਹਾ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਲੋਕਾਂ ਦੀ 100 ਫੀਸਦੀ ਸੈਪਲਿੰਗ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਇਨ੍ਹਾਂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਸਵੈ ਇਛਕ ਤੌਰ ਤੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਸੈਪਲਿੰਗ ਕਰਾਉਣ ਤਾਂ ਜ਼ੋ ਪ੍ਰਸ਼ਾਸਨ ਮਿੱਥੇ ਸਮੇਂ ਮੁਤਾਬਕ ਇਨ੍ਹਾਂ ਕੰਨਟੇਨਮੈਂਟ ਜ਼ੋਨਾਂ ਨੂੰ ਖੋਲ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਪੁਲਿਸ ਵਿਭਾਗ ਨੂੰ ਇਹ ਹਦਾਇਤ ਵੀ ਕੀਤੀ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਪਾਬੰਦੀਸ਼ੁਦਾ ਖੇਤਰਾਂ ਵਿਚ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁਧ ਐਫਆਈਆਰ ਦਰਜ ਕਰਨ ਤੋਂ ਗੁਰੇਜ਼ ਨਾ ਕੀਤਾ ਜਾਵੇ।ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਤੇ ਕੰਨਟੇਨਮੈਂਟ ਜ਼ੋਨ ਵਿਚ ਲੋਕਾਂ ਦੀ ਆਵਾਜਾਈ ਤੇ ਨਜਰ ਰੱਖਣ ਲਈ ਡਰੋਨ ਕੈਮਰਿਆਂ ਦੀ ਵਰਤੋਂ ਵੀ ਕੀਤੀ ਜਾਵੇ। ਇਸ ਦੇ ਨਾਲ ਲੋਕ ਨਿਰਮਾਣ ਦੇ ਵਿਭਾਗ ਨੂੰ ਮੁਕੰਮਲ ਤੌਰ ਤੇ ਸੀਲ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ।ਜਦਕਿ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਖੇਤਰਾਂ ਦੀ ਸਮੇਂ ਸਮੇਂ ਤੇ ਮੁਕੰਮਲ ਸੈਨੇਟਾਈਜੇਸ਼ਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਐਸਡੀਐਮਜ਼ ਨੂੰ ਇਹ ਹਦਾਇਤ ਵੀ ਕੀਤੀ ਗਈ ਇਨ੍ਹਾਂ ਪਾਬੰਦੀਸ਼ੁਦਾ ਖੇਤਰਾਂ ਵਿਚ ਦੁੱਧ, ਫਲ, ਸਬਜ਼ੀਆਂ ਦੀ ਸਪਲਾਈ ਕਰਨ ਵਾਲੇ ਵੈਡਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਪਾਸ ਜਾਰੀ ਕੀਤਾ ਜਾਵੇ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨੂੰ ਇਨ੍ਹਾਂ ਖੇਤਰਾਂ ਵਿਚ ਬੰਦ ਕਰ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਇਹ ਖਦਸ਼ਾ ਵੀ ਜਾਹਰ ਕੀਤਾ ਕਿ ਕਰੋਨਾ ਵਾਇਰਸ ਦੇ ਪਹਿਲੇ ਪੜਾਅ ਦੇ ਅਸਰ ਦੇ ਘਟ ਹੋ ਜਾਣ ਤੋਂ ਬਾਅਦ ਲੋਕ ਆਮ ਰੋਟੀਨ ਦੇ ਆਦਿ ਹੋ ਗਏ ਹਨ ਜਿਸ ਕਾਰਨ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਜਿਵੇਂ ਸੋਸਲ ਡਿਸਟੈਸਿੰਗ ਦੀ ਪਾਲਣਾ ਕਰਨਾ, ਹਰ ਸਮੇਂ ਮਾਸਕ ਦੀ ਵਰਤੋਂ ਕਰਨਾ ਅਤੇ ਥੋੜੇ ਥੋੜੇ ਸਮੇਂ ਮਗਰੋਂ ਹੱਥਾਂ ਨੂੰ ਸੈਨੇਟਾਈਜ਼ ਕਰਨਾ, ਦੀ ਪਾਲਣਾ ਬਿਲਕੁਲ ਨਹੀਂ ਕਰ ਰਹੇ।
ਡਿਪਟੀ ਕਮਿਸ਼ਨਰ ਨੇ ਇਸ ਗੱਲ ਤੇ ਚਿੰਤਾ ਵੀ ਪ੍ਰਗਟਾਈ ਕਿ ਜ਼ਿਲ੍ਹੇ ਦੀ ਜਨ ਸੰਖਿਆ ਸੂਬੇ ਦੇ ਬਾਕੀ ਵੱਡੇ ਜਿਲ੍ਹਿਆਂ ਨਾਲੋਂ ਕਾਫੀ ਘੱਟ ਹੋਣ ਦੇ ਬਾਵਜੂਦ ਜਿਲ੍ਹੇ ਵਿਚ ਕਰੋਨਾ ਦੇ ਕੇਸ ਬਹੁਤ ਹੀ ਤੇਜੀ ਨਾਲ ਵੱਧ ਰਹੇ ਹਨ। ਉਨ੍ਹਾ ਨੇ ਮੀਟਿੰਗ ਵਿਚ ਸ਼ਾਮਲ ਸਮੂਹ ਐਸਡੀਐਮਜ਼,ਐਸਐਮਓਜ਼ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ ਦਿਤਾ ਕਿ ਹੁਣ ਪਾਣੀ ਸਿਰ ਉਪਰੋਂ ਵਗਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਊਨ੍ਹਾ ਨੂੰ ਬਹੁਤ ਹੀ ਸਖਤੀ ਨਾਲ ਸਿਹਤ ਵਿਭਾਗ ਵਲੋਂ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਰੋਕਣ ਲਈ ਸਮੇਂ ਸਮੇਂ ਤੇ ਜਾਰੀ ਕੀਤੀਆਂ ਹਦਾਇਤਾਂ ਨੂੰ ਇੰਨ ਬਿੰਨ ਜ਼ਮੀਨੀ ਪੱਧਰ ਤੇ ਲਾਗੂ ਕਰਵਾਇਆ ਜਾਵੇ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਖਾਸ ਤੌਰ ਤੇ ਬੀਡੀਪੀਓਜ਼ ਨੂੰ ਇਹ ਹਦਾਇਤ ਕੀਤੀ ਕਿ ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ ਅਤੇ ਹਰ ਘਰ ਦੇ ਬਸਿੰਦੇ ਤੱਕ ਇਹ ਗੱਲ ਪੁੱਜਦੀ ਕੀਤੀ ਜਾਵੇ ਕਿ ਮੌਜੂਦਾ ਔਖੀ ਘੜੀ ਵਿਚ ਉਨ੍ਹਾਂ ਨੂੰ ਸਵੈ ਇਛੱਕ ਤੌਰ ਤੇ ਕਰੋਨਾ ਸੈਪਲਿੰਗ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੋਈ ਵੀ ਨਾਗਰਿਕ ਜ਼ੋ 45 ਸਾਲ ਦੀ ਉਮਰ ਤੋਂ ਉਪਰ ਹੈ ਉਸ ਨੂੰ ਲਾਜ਼ਮੀ ਤੌਰ ਤੇ ਕਰੋਨਾ ਦੀ ਰੋਕਥਾਮ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਗੈਰ ਸਰਕਾਰੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਤੇ ਸਵੈ ਸੇਵੀ ਸੰਗਠਨਾਂ ਨੂੰ ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ।
ਮੀਟਿੰਗ ਵਿਚ ਮੁੱਖ ਤੋਰ ਤੇ ਦੀਪਸਿਖਾ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਦਿਨੇਸ਼ ਵਸ਼ਿਸਟ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀਮਤੀ ਮੋਨਿਕਾ ਯਾਦਵ ਡੀਐਫਓ, ਸ੍ਰੀ ਅੰਕੁਰ ਗੁਪਤਾ ਐਸਪੀ ਹੈਡਕੁਆਟਰ, ਸ੍ਰੀ ਗੁਰਵਿੰਦਰ ਸਿੰਘ ਜ਼ੋਹਲ ਐਸਡੀਐਮ ਰੂਪਨਗਰ, ਸ੍ਰੀ ਜ਼ਸਬੀਰ ਸਿੰਘ ਐਸਡੀਐਮ ਮੋਰਿੰਡਾ, ਸ੍ਰੀ ਹਰਪ੍ਰੀਤ ਸਿੰਘ ਅਟਵਾਲ ਐਸਡੀਐਮ ਸ੍ਰੀ ਚਮਕੌਰ ਸਾਹਿਬ, ਸ੍ਰੀਮਤੀ ਕੰਨੂ ਗਰਗ ਐਸਡੀਐਮ ਨੰਗਲ, ਸ੍ਰੀ ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਵਿਭਾਗੀ ਮੁੱਖੀ ਸ਼ਾਮਲ ਸਨ।