ਹਰੀਸ਼ ਕਾਲੜਾ
- 45 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਵਿਅਕਤੀ ਆਪਣਾ ਕੋਈ ਵੀ ਫੋਟੋ ਪਹਿਚਾਣ ਪੱਤਰ ਦਿਖਾ ਕੇ ਲਗਵਾ ਸਕਦਾ ਹੈ ਟੀਕਾ
- ਕਣਕ ਦੀ ਖਰੀਦ ਪ੍ਰਕਿਰਿਆ ਵਿਚ ਸ਼ਾਮਲ ਹੋਣ ਵਾਲੇ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ ਤੇ ਮਜ਼ਦੂਰਾਂ ਲਈ 10 ਅਪ੍ਰੈਲ ਤੋਂ ਪਹਿਲਾਂ ਟੀਕਾ ਲਗਵਾਉਣਾ ਲਾਜ਼ਮੀ
ਰੂਪਨਗਰ, 30 ਮਾਰਚ 2021: ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਸਿਹਤ ਮਹਿਕਮੇ ਨੂੰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਚਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਉਹ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਧੀਨ ਆਉਂਦੇ ਸਾਰੇ ਸਟਾਫ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ।
ਇਹ ਹਦਾਇਤਾਂ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹੇ ਵਿਚ ਕੋਵਿਡ ਟੀਕਾਕਰਨ ਦੀ ਮੁਹਿੰਮ ਦਾ ਜਾਇਜ਼ਾ ਲੈਂਦੇ ਹੋਏ ਕੀਤੀ ਗਈ ਉੱਚ ਪੱਧਰੀ ਮੀਟਿੰਗ ਵਿਚ ਜਾਰੀ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਆਮ ਨਾਗਰਿਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਕੋਈ ਵਿਅਕਤੀ ਜਿਸ ਦੀ ਉਮਰ 45 ਸਾਲ ਤੋਂ ਉਪਰ ਹੈ ਉਹ ਕਿਸੇ ਵੀ ਸਿਹਤ ਕੇਂਦਰ ਵਿਚ ਜਾ ਕੇ ਕਰੋਨਾ ਦੀ ਰੋਕਥਾਮ ਵਾਲਾ ਟੀਕਾ ਲਗਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਟੀਕਾਕਰਨ ਲਈ ਅਧਾਰ ਕਾਰਡ ਹੋਣ ਦੀ ਸ਼ਰਤ ਨੂੰ ਨਰਮ ਕਰਦੇ ਹੋਏ ਕਿਸੇ ਵਿਅਕਤੀ ਜਿਸ ਕੋਲ ਫੋਟੋ ਵਾਲਾ ਕੋਈ ਵੀ ਪਹਿਚਾਣ ਪੱਤਰ ਹੋਵੇ ਉਸ ਦੇ ਆਧਾਰ ਤੇ ਟੀਕਾ ਲਗਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅਨਾਜ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਆਗਾਜ਼ ਹੋਣ ਦੇ ਮੱਦੇਨਜਰ ਸਮੂਹ ਅਧਿਕਾਰੀਆਂ ਨੂੰ ਖਾਸ ਤੌਰ ਤੇ ਜ਼ਿਲ੍ਹਾ ਮੰਡੀ ਅਫਸਰ ਅਤੇ ਡੀਐਫਐਸਸੀ ਨੂੰ ਇਹ ਹਦਾਇਤ ਜਾਰੀ ਕੀਤੀ ਕਿ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਖਰੀਦ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਵਿਅਕਤੀਆਂ ਜਿਵੇਂ ਕਿ ਆੜ੍ਹਤੀਏ, ਮਜ਼ਦੂਰ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਸਟਾਫ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਸ਼ਾਮਿਲ ਜ਼ਿਲ੍ਹੇ ਦੇ ਸਮੂਹ ਐਸਡੀਐਮਜ਼ ਨੂੰ ਵੀ ਇਹ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਮੂਹ ਦੁਕਾਨਦਾਰਾਂ, ਧਾਰਮਿਕ ਸੰਗਠਨਾਂ ਦੇ ਮੁੱਖੀਆਂ, ਐਨਜੀਓਜ਼ ਆਦਿ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕੋਵਿਡ ਦੀ ਰੋਕਥਾਮ ਵਾਲਾ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਹਫਤੇ ਦੇ ਸੱਤ ਦਿਨ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ 9 ਤੋਂ 3 ਵਜੇ ਤੱਕ ਚਲਾਈ ਜਾਂਦੀ ਹੈ।
ਮੀਟਿੰਗ ਵਿਚ ਮੁੱਖ ਤੌਰ ਤੇ ਸ੍ਰੀਮਤੀ ਦੀਪਸਿਖਾ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ(ਜਨਰਲ), ਸ੍ਰੀ ਦਿਨੇਸ਼ ਵਸ਼ਿਸਟ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਗੁਰਵਿੰਦਰ ਸਿੰਘ ਜ਼ੋਹਲ ਐਸਡੀਐਮ ਰੂਪਨਗਰ, ਸ੍ਰੀ ਜਸਬੀਰ ਸਿੰਘ ਐਸਡੀਐਮ ਮੋਰਿੰਡਾ, ਸ੍ਰੀ ਹਰਪ੍ਰੀਤ ਸਿੰਘ ਅਟਵਾਲ ਐਸਡੀਐਮ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀਮਤੀ ਕੰਨੂੰ ਗਰਗ ਐਸਡੀਐਮ ਨੰਗਲ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁੱਖੀ ਸ਼ਾਮਲ ਸਨ।