ਦੀਪਕ ਜੈਨ
- ਜਗਰਾਓਂ ਵਿਚ ਇਕ ਹੋਰ ਚੋਰੀ ਦੀ ਘਟਨਾ ਹੋਈ
ਜਗਰਾਓਂ, 19 ਮਾਰਚ 2021 - ਕੋਰੋਨਾ ਮਹਾਮਾਰੀ ਕਾਰਨ ਸਾਰੇ ਪਾਸੇ ਇਸ ਵੇਲੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਸਰਕਾਰਾਂ ਵਲੋਂ ਵੀ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਲੁਧਿਆਣਾ ਜ਼ਿਲ੍ਹਾ ਵੀ ਇਸ ਵੇਲੇ ਕਰਫਿਊ ਵਾਲੇ ਜ਼ਿਲ੍ਹਿਆਂ ਵਿਚ ਸ਼ਾਮਲ ਹੈ। ਜ਼ਿਲ੍ਹੇ ਅਧੀਨ ਪੈਂਦੇ ਜਗਰਾਓਂ ਵਿਚ ਪੁਲਿਸ ਕਰਫਿਊ ਪ੍ਰਤੀ ਗੰਭੀਰ ਨਹੀਂ ਦਿਖਾਈ ਦੇ ਰਹੀ ਹੈ ਕਿਓਂਕਿ ਰਾਤ ਦੇ ਸਮੇ ਸ਼ਹਿਰ ਵਿਚ ਕਈ ਮੇਨ ਚੌਂਕਾਂ ਵਿਚ ਲੱਗਣ ਵਾਲੇ ਨਾਕੇ ਰਾਤ ਨੂੰ ਦਿਖਾਈ ਨਹੀਂ ਦਿੱਤੇ।
ਬੀਤੀ ਦੇਰ ਰਾਤ ਸਾਡੇ ਪੱਤਰਕਾਰ ਵਲੋਂ ਸ਼ਹਿਰ ਦੇ ਚੌਂਕਾਂ ਦਾ ਦੌਰਾ ਕੀਤਾ ਗਿਆ ਅਤੇ ਵੇਖਿਆ ਗਿਆ ਕਿ ਕੋਈ ਵੀ ਪੁਲਿਸ ਮੁਲਾਜਮ ਓਥੇ ਤਾਇਨਾਤ ਨਹੀਂ ਸੀ। ਇਸ ਢਿੱਲੇ ਰਵਈਏ ਕਾਰਨ ਪੁਲਿਸ ਦੀ ਸੁਸਤੀ ਸਾਹਮਣੇ ਆ ਰਹੀ ਹੈ। ਜਗਰਾਓਂ ਵਿਚ ਤਾਂ ਪਹਿਲਾਂ ਹੀ ਪੁਲਿਸ ਦੀ ਸੁਸਤੀ ਚਰਚਾਵਾਂ ਵਿਚ ਰਹਿੰਦੀ ਹੈ ਕਿ ਆਏ ਦਿਨ ਕੀਤੇ ਨਾ ਕੀਤੇ ਚੋਰੀ ਜਾਂ ਲੁੱਟਖੋਹ ਦੀ ਵਾਰਦਾਤ ਹੋ ਰਹੀ ਹੈ ਅਤੇ ਪੁਲਿਸ ਸਿਰਫ ਹੀ ਕਹਿੰਦੀ ਵਿਖਾਈ ਦਿੰਦੀ ਹੈ ਕਿ ਜਲਦੀ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਚ ਹੋਣਗੇ। ਪਹਿਲੀ ਲੁੱਟ ਦੇ ਆਰੋਪੀ ਹਜੇ ਫੜੇ ਨਹੀਂ ਜਾਂਦੇ ਜਦੋਕਿ ਲੁਟੇਰੇ ਜਾਂ ਚੋਰ ਅਗਲੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ।
ਰਾਤ ਵੀ ਸਥਾਨਕ ਕਮਲ ਚੌਂਕ ਨਜਦੀਕ ਸਥਿਤ ਇਕ ਚੱਕੀ ਵਿਚ ਰਾਤ ਦੇ ਸਮੇ ਚੋਰਾਂ ਵਲੋਂ ਨਕਦੀ ਅਤੇ ਗੋਲਕ ਚੋਰੀ ਕਰ ਲਈ ਗਈ ਅਤੇ ਪੁਲਿਸ ਫੇਰ ਹੀ ਕਹਿ ਰਹੀ ਹੈ ਕਿ ਜਲਦੀ ਹੀ ਚੋਰ ਪੁਲਿਸ ਦੀ ਗ੍ਰਿਫਤ ਚ ਹੋਣਗੇ। ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਚੋਰ ਪਿੱਛੋਂ ਆਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਕੇ ਚਲੇ ਗਏ। ਦੁਕਾਨ ਮਾਲਕ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਦੁਕਾਨ ਵਿਚ ਪੈਸੇ ਪਏ ਸਨ ਉਹ ਸਾਰੇ ਚੋਰੀ ਕਰਕੇ ਲੈ ਗਏ।
ਪੁਲਿਸ ਅਧਿਕਾਰੀਆਂ ਨੇ ਰੁਝੇਵੇਂ ਦਾ ਕਹਿਕੇ ਫੋਨ ਕੱਟੇ
ਇਸ ਸੰਬੰਧੀ ਜਦੋ ਡੀਐਸਪੀ ਜਾਤਿੰਦਰ ਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਓਨਾ ਨੇ ਦੋਨੋਂ ਬਾਰ ਕਿਹਾ ਕਿ ਉਹ ਅਜੇ ਕੰਮ ਵਿਚ ਰੁਝੇ ਹਨ ਅਤੇ ਐਸਐਚਓ ਸਿਟੀ ਗਗਨਪ੍ਰੀਤ ਸਿੰਘ ਨਾਲ ਵੀ ਦੋ ਬਾਰ ਗੱਲ ਕਰਨੀ ਚਾਹੀ ਤਾਂ ਉਹ ਵੀ ਇਹੀ ਕਹਿਕੇ ਫੋਨ ਕਟ ਗਏ ਕਿ ਉਹ ਕਿਸੇ ਕੰਮ ਵਿਚ ਰੁਝੇ ਹੋਏ ਹਨ ਜਿਸ ਕਾਰਨ ਪੁਲਿਸ ਦਾ ਪੱਖ ਨਹੀਂ ਜਾਣਿਆ ਜਾ ਸਕਿਆ।