- 48 ਘੰਟਿਆਂ ਦੇ ਵਿੱਚ-ਵਿੱਚ ਲਿਖਤੀ ਜਵਾਬ ਦੇਣ ਦੀ ਹਦਾਇਤ
- ਨੋਟਿਸ ਤੋਂ ਬਾਅਦ ਲੈਬ ਵਲੋਂ 8 ਤੋਂ 10 ਮਾਰਚ ਤੱਕ 78 ਪਾਜ਼ੀਟਿਵ ਕੇਸਾਂ ਦਾ ਖੁਲਾਸਾ
ਜਲੰਧਰ 18 ਮਾਰਚ 2021 - ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਜਾਰੀ ਹਦਾਇਤਾਂ 'ਤੇ ਸਿਹਤ ਵਿਭਾਗ ਵਲੋਂ ਲਾਲ ਪੈਥ ਲੈਬ ਨੂੰ ਕੋਵਿਡ-19 ਦੇ ਮਰੀਜ਼ ਦੀ ਪਾਜ਼ੀਟਿਵ ਰਿਪੋਰਟ ਵਿੱਚ ਦੇਰੀ ਕਰਨ ਬਦਲੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਕਾਰਨ ਦੱਸੋ ਨੋਟਿਸ ਲੈਬ ਦੇ ਨੋਡਲ ਅਫ਼ਸਰ ਪ੍ਰਦੀਪ ਕੁਮਾਰ ਨੂੰ ਜਾਰੀ ਕੀਤਾ ਗਿਆ ਹੈ ਜੋ ੇ ਕੋਵਿਡ ਪਾਜ਼ੀਟਿਵ ਮਰੀਜ਼ ਦੀ ਰਿਪੋਰਟ ਸਮੇਂ ਸਿਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾ ਭੇਜਣ ਲਈ ਜਿੰਮੇਵਾਰ ਹੈ। ਨੋਟਿਸ ਅਨੁਸਾਰ ਪ੍ਰਦੀਪ ਕੁਮਾਰ ਨੂੰ ਆਪਣਾ ਲਿਖਤੀ ਜਵਾਬ ਸਿਵਲ ਸਰਜਨ ਦਫ਼ਤਰ ਜਲੰਧਰ ਨੂੰ ਦੋ ਦਿਨਾਂ ਦੇ ਵਿੱਚ-ਵਿੱਚ ਦੇਣ ਲਈ ਕਿਹਾ ਗਿਆ ਹੈ , ਜਿਸ ਨੂੰ ਅਗਲੇਰੀ ਕਾਰਵਾਈ ਲਈ ਉੱਚ ਅਥਾਰਟੀਆਂ ਨੂੰ ਭੇਜਿਆ ਜਾਵੇਗਾ।
ਸਿਵਲ ਸਰਜਨ ਡਾ.ਬਲਵੰਤ ਸਿੰਘ ਨੇ ਜਾਰੀ ਨੋਟਿਸ 'ਤੇ ਕਿਹਾ ਕਿ ਲੈਬ ਵਲੋਂ ਕੋਵਿਡ-19 ਦੇ ਪਾਜੀਟਿਵ ਕੇਸਾਂ ਦੀ ਰਿਪੋਰਟ ਵਿੱਚ ਦੇਰੀ ਨਾਲ ਇਨਾਂ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਨ ਵਿੱਚ ਬਹੁਤ ਪ੍ਰੇਸ਼ਾਨੀ ਪੇਸ਼ ਆਈ , ਜੋ ਕਿ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ।
ਸਿਵਲ ਸਰਜਨ ਡਾ.ਬਲਵੰਤ ਸਿੰਘ ਨੇ ਦੱਸਿਆ ਕਿ ਅਜਿਹੀ ਅਣਗਹਿਲੀ ਬਿਲਕੁਲ ਹੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਅਜਿਹੀਆਂ ਸੰਸਥਾਵਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕੋਵਿਡ-19 ਪਾਜ਼ੀਟਿਵ ਮਰੀਜ਼ ਦੀ ਰਿਪੋਰਟ ਸਮੇਂ ਸਿਰ ਮਿਲਣਾ ਬਹੁਤ ਮਹੱਤਵ ਰੱਖਦਾ ਹੈ ਜਦੋਂ ਕਿ ਵਾਇਰਸ ਪੂਰੀ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਧਿਕਾਰੀਆਂ ਨੁੂੰ ਕੋਵਿਡ-19 ਦਾ ਟੈਸਟ ਕਰਨ ਵਾਲੀਆਂ ਲੈਬਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਕਿ ਕੋਵਿਡ ਪਾਜ਼ੀਟਿਵ ਕੇਸਾਂ ਦੀ ਸਹੀ ਸਮੇਂ 'ਤੇ ਰਿਪੋਰਟ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਰਕਾਰ ਦੀਆਂ ਹੋਰ ਹਦਾਇਤਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਲੈਬ ਵਲੋਂ ਕਾਰਨ ਦੱਸੋ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ 8 ਤੋਂ 10 ਮਾਰਚ ਤੱਕ 78 ਕੋਵਿਡ ਪਾਜ਼ੀਟਿਵ ਮਰੀਜ਼ਾਂ ਦਾ ਖੁਲਾਸਾ ਕੀਤਾ ਗਿਆ ਹੈ। ਲੈਬ ਵਲੋਂ 78 ਮਰੀਜ਼ਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸਾਸਨ ਵਲੋਂ ਇਨਾਂ ਮਰੀਜ਼ਾਂ ਨੂੰ ਹੋਮ ਆਈਸੋਲੇਟ ਕਰਨ ਅਤੇ ਇਨਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਨ ਦੀ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪੁਰਾਣੇ 78 ਕੇਸਾਂ ਦੀ ਰਿਪੋਰਟ ਦੇਰੀ ਨਾਲ ਮਿਲਣ ਕਰਕੇ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਸਾਰੀਆਂ ਲੈਬਾਰਟਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੀਆਂ ਸਮੇਂ ਸਿਰ ਰਿਪੋਰਟਾਂ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਦੇ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਉਚ ਅਧਿਕਾਰੀਆਂ ਨੁੂੰ ਵੀ ਰਿਪੋਰਟ ਭੇਜੀ ਜਾਵੇਗੀ।