ਮਨਿੰਦਰਜੀਤ ਸਿੱਧੂ
ਜੈਤੋ, 9 ਫਰਵਰੀ, 2021 - ਸਾਰੀ ਜ਼ਿੰਦਗੀ ਲੋਕ ਘੋਲਾਂ ਅਤੇ ਲੋਕਾਂ ਲਈ ਲੜਨ ਵਾਲੇ ਅਤੇ ਮੁਲਾਜ਼ਮਾਂ ਮਜਦੂਰਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਸਾਬਕਾ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੂਬਾ ਸਿੰਘ ਰਾਮੇਆਣਾ ਨੇ ਆਪਣੀ ਪਤਨੀ ਪ੍ਰਕਾਸ਼ ਕੌਰ ਨੂੰ ਵਾਰਡ ਨੰਬਰ 4 ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।ਜਿਕਰਯੋਗ ਹੈ ਕਿ ਪ੍ਰਕਾਸ਼ ਕੌਰ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਸੂਬਾ ਸਿੰਘ ਰਾਮੇਆਣਾ ਦਾ ਇਲਾਕੇ ਵਿੱਚ ਯੂਨੀਅਨ ਲੀਡਰ ਵਜੋਂ ਅਤੇ ਇੱਕ ਇਮਾਨਦਾਰ ਇਨਸਾਨ ਵਜੋਂ ਕਾਫੀ ਸਤਕਾਰ ਹੈ।
ਆਪਣੇ ਚੋਣ ਪ੍ਰਚਾਰ ਦੌਰਾਨ ਵੀ ਉਹ ਇਮਾਨਦਾਰ ਉਮੀਦਵਾਰ ਚੁਣਨ ਦਾ ਵਾਸਤਾ ਪਾ ਕੇ ਵੋਟਾਂ ਮੰਗ ਰਹੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੂਬਾ ਸਿੰਘ ਰਾਮੇਆਣਾ ਨੇ ਕਿਹਾ ਕਿ ਸਾਡਾ ਚੋਣ ਲੜਨ ਦਾ ਕੋਈ ਮਨ ਨਹੀਂ ਸੀ।ਸਾਨੂੰ ਸਾਡੇ ਵਾਰਡ ਵਾਸੀਆਂ ਵੱਲੋਂ ਚੋਣ ਲੜਨ ਲਈ ਕਿਹਾ ਗਿਆ ਹੈ ਅਤੇ ਅਸੀਂ ਉਹਨਾਂ ਦੇ ਕਹਿਣ ਉੱਪਰ ਹੀ ਇਸ ਚੋਣ ਵਿੱਚ ਭਾਗ ਲੈ ਰਹੇ ਹਾਂ।
ਉਹਨਾਂ ਕਿਹਾ ਕਿ ਸਾਡਾ ਤਾਂ ਚੋਣ ਪ੍ਰਚਾਰ ਵੀ ਵਾਰਡ ਵਾਸੀ ਆਪੇ ਹੀ ਕਰ ਰਹੇ ਹਨ।ਉਹਨਾਂ ਕਿਹਾ ਕਿ ਜੇਕਰ ਉਹ ਚੋਣ ਜਿੱਤ ਕੇ ਨਗਰ ਕੌਂਸਲ ਵਿੱਚ ਅੱਪੜਦੇ ਹਨ ਤਾਂ ਵਾਰਡ ਦੇ ਕੰਮ ਬੜੀ ਇਮਾਨਦਾਰੀ ਨਾਲ ਕਰਨਗੇ ਹੀ, ਨਾਲ ਹੀ ਦੂਜਿਆਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰਨ ਲਈ ਮਜਬੂਰ ਕਰਨਗੇ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਦੇ ਰਹਿਣਗੇ।