ਅੰਮ੍ਰਿਤਸਰ 02 ਜੁਲਾਈ 2020: ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਤੋਂ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਵੱਲੋਂ ਇੱਕ ਦੂਜੇ ਦਾ ਦੁੱਖ-ਸੁਖ ਵੰਡਾਉਣ ਅਤੇ ਆਪਸੀ ਸੰਪਰਕ ਬਣਾਈ ਰੱਖਣ ਦੇ ਉਦੇਸ਼ ਨਾਲ ਬਣਾਈ ਗਈ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ (ਰਜਿ) ਦੇ ਅਧਿਕਾਰੀਆਂ ਵੱਲੋਂ ਬੀਤੇ ਦਿਨ ਡਾ. ਗੁਰਬਚਨ ਸਿੰਘ ‘ਬਚਨ’ , ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਉਹਨਾ ਦਾ ਹਾਲ ਚਾਲ ਜਾਣਿਆ ਗਿਆ।
ਡਾ. ਗੁਰਬਚਨ ਸਿੰਘ ਬਚਨ ਨੂੰ ਬੀਬੀ ਜਗੀਰ ਕੌਰ, ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੇ ਕਾਰਜ-ਕਾਲ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡੈਪੂਟੇਸ਼ਨ ਤੇ ਲੈ ਕੇ ਪਹਿਲਾਂ ੳ. ਐਸ. ਡੀ. ਤੇ ਫਿਰ ਸਕੱਤਰ ਲਗਾਇਆ ਸੀ ਜਿਹਨਾਂ ਨੇ ਬਾਅਦ ‘ਚ ਅਸਤੀਫ਼ਾ ਦੇ ਕੇ ਵਾਪਸ ਯੂਨੀਵਰਸਿਟੀ ਜੁਆਇਨ ਕਰ ਲਿਆ ਸੀ। ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਸਕੱਤਰ ਸ਼਼੍ਰੋਮਣੀ ਕਮੇਟੀ ਸ. ਜੋਗਿੰਦਰ ਸਿੰਘ ਅਦਲੀਵਾਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਪ੍ਰੀਤਮ ਸਿੰਘ ਪੁਰੀ ਸਾਬਕਾ ਮੈਨੇਜਰ ਗੋਲਡਨ ਆਫਸੈੱਟ ਪ੍ਰੈਸ ਅਤੇ ਸ. ਪਰਵਿੰਦਰ ਸਿੰਘ ਡੰਡੀ ਸਾਬਕਾ ਇੰਨਚਾਰਜ ਯਾਤਰਾ ਵਿਭਾਗ ਨੇ ਅੱਜ ਡਾ. ਬਚਨ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾ ਦਾ ਹਾਲ ਚਾਲ ਜਾਣਿਆ ।
ਗੌਰਤਲਬ ਹੈ ਕਿ ਡਾ. ਬਚਨ ਸਟਰੋਕ ਦੇ ਕਾਰਨ ਅੱਜ-ਕੱਲ੍ਹ ਬਿਸਤਰ ਪੁਰ ਹਨ ਅਤੇ ਆਪਣੇ ਆਪ ਉਠ ਕੇ ਬੈਠਣ ਅਤੇ ਬੋਲਣ ਤੋਂ ਵੀ ਅਸਮਰੱਥ ਹਨ। ਉਹਨਾਂ ਦਾ ਇੱਕ ਹੱਥ ਵੀ ਕੰਮ ਨਾ ਕਰਦਾ ਹੋਣ ਕਰਕੇ ਉਹ ਆਪਣੇ ਕੇਸ ਹਰੇ ਕਰਨ ਅਤੇ ਢੱਕਣ ਤੋਂ ਆਤਰ ਹਨ ਪਰ ਇਸ ਹਾਲਤ ਵਿੱਚ ਵੀ ਆਪਣੇ ਪੁਰਾਣੇ ਸਾਥੀਆਂ ਨੂੰ ਵੇਖਕੇ ਉਹਨਾਂ ਦੇ ਚਿਹਰੇ ਤੇ ਬਹੁਤ ਖ਼ੁਸ਼ੀ ਦਿਖਾਈ ਦਿੱਤੀ। ਐਸੋਸੀਏਸ਼ਨ ਦੇ ਕਮਰਚਾਰੀਆਂ ਨੇ ਡਾ. ਬਚਨ ਦੀ ਜਲਦ ਸਿਹਤਯਾਬ ਹੋ ਜਾਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।