ਅਸ਼ੋਕ ਵਰਮਾ
ਬਠਿੰਡਾ,10ਫਰਵਰੀ2021: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਬਾਦਲਾਂ (ਦੋਵੇਂ ਅਕਾਲੀਆਂ ਅਤੇ ਕਾਂਗਰਸੀਆਂ ) ਨੇ ਪੰਜਾਬ ਨੂੰ ਅੱਜ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਉਹਨਾਂ ਕਿਹਾ ਕਿ ਬਠਿੰਡਾ ਨੇ ਪੰਜਾਬ ਅਤੇ ਕੇਂਦਰ ਵਿੱਚ ਕਈ ਮੰਤਰੀ ਬਣਾਏ ਹਨ, ਖਾਸ ਕਰਕੇ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੰਤੂ ਉਹਨਾਂ ਨੇ ਬਠਿੰਡਾ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿਚ ਦੋ ‘ਬ’ ਬਹੁਤ ਚਿੰਤਾਜਨਕ ਹਨ ‘ਬ’ ‘ਤੋਂ ਬਾਦਲ ਅਤੇ ‘ਬ’ ਤੋਂ ‘ਬੇੜਾਗਰਕ’। ਰਾਘਵ ਚੱਢਾ ਨੇ ਅੱਜ ਨਗਰ ਨਿਗਮ ਚੋਣਾਂ ਲਈ ‘ਆਪ‘ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਕਾਰ ਵਜੋਂ ਰੋਡ ਸ਼ੋਅ ਕੀਤਾ । ਉਹਨਾਂ ਕਿਹਾ ਕਿ ਅਕਾਲੀ ਦਲ ਬਰਾਬਰ ਦਾ ਹੀ ਦੋਸ਼ੀ ਹੈ, ਜੋ ਕਿ ਸਰਕਾਰੀ ਸਿਸਟਮ ਨੂੰ ਤਬਾਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਸਥਾਪਤ ਕਰਨਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਬਾਦਲਾਂ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਤੱਕ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਮੋਦੀ ਸਰਕਾਰ ਵਿਚ ਮੰਤਰੀ ਸਨ ਅਤੇ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖਜ਼ਾਨਾ ਮੰਤਰੀ ਹਨ, ਪਰ ਸੱਤਾ ਵਿਚ ਰਹਿੰਦਿਆਂ ਬਾਦਲਾਂ ਨੇ ਬਠਿੰਡਾ ਦੇ ਲਈ ਕੋਈ ਨਵਾਂ ਪ੍ਰੋਜੈਕਟ ਨਹੀਂ ਲਿਆਂਦਾ। ਸਰਕਾਰੀ ਸੈਕਟਰ ਦੇ ਅਦਾਰਿਆਂ ਨੂੰ ਤਬਾਹ ਕਰਨ ਦੀ ਨਿੰਦਿਆਂ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ 2017 ਵਿੱਚ ਵਿਧਾਨ ਦੀਆਂ ਚੋਣਾਂ ਤੋਂ ਪਹਿਲਾਂ ਬਠਿੰਡਾ ਥਰਮਲ ਨੂੰ ਚਲਾਉਣ ਅਤੇ ਕਾਂਗਰਸ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਕਰਜਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ । ਉਹਨਾਂ ਕਿਹਾ ਕਿ ਦੋਵੇਂ ਵਾਅਦੇ ਪੂਰੇ ਨਹੀਂ ਹੋਏ ਅਤੇ ਪੰਜਾਬ ਸਿਰ ਕਰਜਾ ਹੋਰ ਵਧਿਆ ਹੈ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਨੂੰ ਵੀ ਪੂਰੀ ਤਰਾਂ ਬੰਦ ਕਰਕੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ ਅਤੇ ਥਰਮਲ ਪਲਾਂਟ ਦੀ 2200 ਕਰੋੜ ਰੁਪਏ ਦੀ ਜ਼ਮੀਨ ਵੀ ਹੁਣ ਮਾਫੀਆ ਨੂੰ ਘੱਟ ਕੀਮਤ ’ਤੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਇਸ ਮੌਕੇ ਕਾਂਗਰਸੀ ਲੀਡਰਾਂ ਤੇ ਗੁੰਡਾ ਟੈਕਸ ਵਸੂਲਣ ਅਤੇ ਬਠਿੰਡਾ ’ਚ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੋਣ ਦੇ ਵੀ ਦੋਸ਼ ਲਾਏ। ਉਹਨਾਂ ਕਿਹਾ ਕਿ ਪਿਛਲੇ 53 ਸਾਲਾਂ ਤੋਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਅਕਾਲੀ ਦਲ ਜਿੱਤਦਾ ਰਿਹਾ ਹੈ ਪਰ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ ਅਤੇ ਬਾਰਸ਼ ਹੁੰਦਿਆਂ ਹੀ ਗਲੀਆਂ ਛੱਪੜ ਬਣ ਜਾਂਦੀਆਂ ਹਨ।
ਰਾਘਵ ਚੱਢਾ ਨੇ ਕਿਹਾ ਕਿ ਬੀਬੀ ਬਾਦਲ ਨੇ ਕੇਂਦਰ ਵਿੱਚ ਕੈਬਨਿਟ ਮੰਤਰੀ ਰਹਿੰਦੇ ਹੋਏ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਪੂਰਾ ਸਮਰਥਨ ਦਿੱਤਾ। ਮੰਤਰੀ ਮੰਡਲ ਵਿਚ ਰਹਿੰਦਿਆਂ ਇਹਨਾਂ ਕਾਨੂੰਨਾਂ ਦਾ ਵਿਰੋਧ ਤਾਂ ਕੀ ਕਰਨਾ ਸੀ, ਸਗੋਂ 2 ਮਹੀਨੇ ਗੁਣਗਾਨ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਦਿਆਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਸੀ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਇਨਾਂ ਦੀਆਂ ਘਟੀਆਂ ਨੀਤੀਆਂ ਨੂੰ ਸਮਝ ਗਏ ਤਾਂ ਹੁਣ ਝੂਠੀ ਡਰਾਮੇਬਾਜ਼ੀ ਕਰਦੇ ਹੋਏ ਕਿਸਾਨਾਂ ਦੀ ਹਿਤੈਸ਼ੀ ਬਣ ਰਹੇ ਹਨ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਜਵਾਬ ਦੇਣ ਕਿ ਉਹ ਦੋ ਮਹੀਨੇ ਕਾਨੂੰਨਾਂ ਦਾ ਪ੍ਰਚਾਰ ਕਿਉਂ ਕਰਦੇ ਰਹੇ? ਇਸ ਮੌਕੇ ਵਿਧਾਇਕ ਰੁਪਿੰਦਰ ਕੌਰ ਰੂਬੀ, ਸ਼ਹਿਰੀ ਪ੍ਰਧਾਨ ਨਵਦੀਪ ਜੀਦਾ, ਨੀਲ ਗਰਗ ਅਮਿ੍ਰਤ ਅਗਰਵਾਲ ਅਤੇ ਅਨਿਲ ਠਾਕੁਰ ਸਮੇਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਜਰ ਸੀ।