ਪਰਵਿੰਦਰ ਸਿੰਘ ਕੰਧਾਰੀ
- ਲੋਕਾਂ ‘ਚ ਭਾਰੀ ਉਤਸ਼ਾਹ,ਸਿਹਤ ਵਿਭਾਗ ਨੂੰ ਮਿਲ ਰਿਹਾ ਪੂਰਨ ਸਹਿਯੋਗ
- ਅੱਜ ਬਲਾਕ ਅਧੀਨ 937 ਵਿਅਕਤੀਆਂ ਨੇ ਲਗਵਾਇਆ ਕੋਰੋਨਾ ਟੀਕਾ
ਫਰੀਦਕੋਟ, 10 ਅਪ੍ਰੈਲ 2021 - ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਪਿੰਡ ਕਸਬਿਆਂ ਵਿੱਚ ਆਮ ਲੋਕਾਂ ਦੇ ਕੋਵਿਡ ਤੋਂ ਬਚਾਅ ਲਈ ਸੈਂਪਲ ਤੇ ਕੋਰੋਨਾ ਟੀਕਾਕਰਨ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ,ਇਸੇ ਹੀ ਲੜੀ ਤਹਿਤ ਪਿੰਡ ਦੀਪ ਸਿੰਘ ਵਾਲਾ ਗੁਰਦੁਆਰਾ ਸਾਹਿਬ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ।ਮਲਟੀਪਰਪਜ਼ ਹੈਲਥ ਵਰਕਰ ਵਰਕਰ ਰਜਨੀ ਬਾਲਾ,ਸੁਖਵਿੰਦਰ ਸਿੰਘ ਅਤੇ ਆਸ਼ਾ ਵਰਕਰਾਂ ਨੇ 44 ਵਿਅਕਤੀਆਂ ਦੇ ਕੋਰੋਨਾ ਦਾ ਟੀਕਾ ਲਗਾਇਆ।
ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਪਹੁੰਚੇ।ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਵੱਡੀ ਗਿਣਤੀ ਵਿੱਚ ਕੋਵਿਡ ਦੇ ਐਕਟਿਵ ਕੇਸ ਅਤੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਲਈ ਕੋਰੋਨਾ ਤੋਂ ਮੁਕਤੀ ਲਈ ਸਾਰਿਆਂ ਦਾ ਸਹਿਯੋਗ ਜਰੂਰੀ ਹੈ। ਹੁਣ 45 ਸਾਲ ਤੋਂ ਉਪਰ ਉਮਰ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ।
ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਹ ਟੀਕਾ ਬਿੱਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਕੋਰੋਨਾ ਦਾ ਟੀਕਾ 250/-ਰੁਪਏ ਪ੍ਰਤੀ ਡੋਜ਼ ਹੈ,ਜ਼ਿਲੇ ਅੰਦਰ 86 ਕੋਰੋਨਾ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ, ਸਰਕਾਰ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ,ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ,ਕੋ-ਵਿਨ ਸਿਸਟਮ ਆਪਣੇ ਡਿਜ਼ੀਟਲ ਪਲੇਟਫਾਰਮ ਰਾਂਹੀ ਟੀਕਾ ਲਗਵਾਉਣ ਦੇ ਇੱਛਕ ਲਾਭਪਾਤਰੀਆਂ ਦੀ ਪਹਿਲਾਂ ਰਜਿਸਟ੍ਰੇਸ਼ਨ ਕਰਕੇ ਟੀਕਾ ਲਗਾਵਾਉਣ ਵਾਲੇ ਨੂੰ ਪ੍ਰਮਾਣ-ਪੱਤਰ ਵੀ ਜਾਰੀ ਕਰ ਰਿਹਾ ਹੈ,ਰਜਿਸਟ੍ਰੇਸ਼ਨ ਕਰਵਾਉਣ ਲਈ ਲਾਭਪਾਤਰੀ ਆਪਣਾ ਪਹਿਚਾਣ-ਪੱਤਰ ਜਿਵੇਂ ਅਧਾਰ ਕਾਰਡ,ਵੋਟਰ ਕਾਰਡ,ਪਾਸਪੋਰਟ,ਪੈਨ ਕਾਰਡ,ਡਰਾਈਵਿੰਗ ਲਾਇਸੈਂਸ,ਬੈਂਕ ਪਾਸਬੁੱਕ,ਮਨਰੇਗਾ ਕਾਰਡ ਆਦਿ ਦੀ ਵਰਤੋਂ ਕਰ ਸਕਦਾ ਹੈ,ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਲੈਣੀ ਹੋਵੇਗੀ ਤੇ ਦੂਜੀ ਖੁਰਾਕ ਲੈਣ ਤੋਂ 2 ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਵੇਗਾ।
ਉਨਾਂ ਅਫਵਾਹਾਂ ਤੋਂ ਸੁਚੇਤ ਰਹਿਣ,ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਸੁਨੇਹਿਆਂ ਤੇ ਵਿਸ਼ਵਾਸ਼ ਨਾ ਕਰਦੇ ਹੋਏ ਆਪਣੇ ਪਿੰਡ ਦੇ ਮੈਡੀਕਲ ਸਿਹਤ ਵਿਭਾਗ ਦੇ ਸਟਾਫ,ਸਰਕਾਰੀ ਵੈਬਸਾਈਟ,ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਤੇ ਸਿਹਤ ਮੰਤਰਾਲਾ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਤੇ ਹੀ ਸੰਪਰਕ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਪਿੰਡ ਦੇ ਸਰਪੰਚ ਸ਼ਾਮ ਲਾਲ,ਸਮੂਹ ਪੰਚਾਇਤ ਮੈਂਬਰਾਂ,ਮੈਡੀਕਲ ਪ੍ਰੈਕਟੀਸ਼ਨਰ ਡਾ.ਬੱਬੂ ਅਤੇ ਡਾ.ਸ਼ੇਰ ਸਿੰਘ,ਮਲਕੀਤ ਸਿੰਘ ਅਤੇ ਮਨਜੀਤ ਸਿੰਘ ਧਾਲੀਵਾਲ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।