ਆਂਗਣਵਾੜੀ ਇੰਪਲਾਇਜ ਫੈਡਰੇਸ਼ਨ ਦੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 13 ਮਈ 2020: ਆਂਗਣਵਾੜੀ ਇੰਪਲਾਇਜ਼ ਫ਼ੈਡਰੇਸ਼ਨ ਆਫ਼ ਇੰਡੀਆ ਨੇ 5 ਜੂਨ ਨੂੰ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਹੈ। ਫੈਡਰੇਸ਼ਨ ਦੇ ਕੌਮੀ ਨੇਤਾਵਾਂ ਨੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਆਨਲਾਇਨ ਮੀਟਿੰਗ ਕਰਕੇ ਇਹ ਫੈਸਲਾ ਲਿਆ ਹੈ। ਇਸ ਮੌਕੇ ਇਹ ਮਤੇ ਪਾਸ ਕੀਤੇ ਗਏ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫਰੰਟ ਲਾਈਨ ਵਰਕਰ ਦੇ ਤੌਰ ’ਤੇ ਕੰਮ ਕਰਦਿਆਂ ਇਸ ਸੰਕਟ ਵਿਚ ਸਰਕਾਰ ਦਾ ਪੂਰੇ ਦੇਸ਼ ਵਿਚ ਸਾਥ ਦਿੱਤਾ ਹੈ ਇਸ ਲਈ ਕੇਂਦਰ ਸਰਕਾਰ ਦੇਸ਼ ਭਰ ਵਿਚ ਕੰਮ ਕਰ ਰਹੀਆਂ ਕਰੀਬ 28 ਲੱਖ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣਾ ਚਾਹੀਦਾ ਹੈ।
ਇਹ ਵੀ ਮੰਗ ਕੀਤੀ ਗਈ ਜਿਸ ਤਰਾਂ ਸਿਹਤ ਕਰਮੀਆਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ, ਉਸੇ ਤਰਜ ’ਤੇ ਵਰਕਰਾਂ ਅਤੇ ਹੈਲਪਰਾਂ ਦਾ 50 ਲੱਖ ਦਾ ਸਿਹਤ ਬੀਮਾ ਕੀਤਾ ਜਾਵੇ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਪ੍ਰੀ ਸਕੂਲ ਸਿੱਖਿਆ ਦੀ ਨਵੀਂ ਸਿੱਖਿਆ ਨੀਤੀ ਲੈ ਕੇ ਆ ਗਈ ਹੈ, ਉਸ ਵਿਚ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਹੀ ਨਰਸਰੀ ਟੀਚਰ ਦਾ ਦਰਜਾ ਦੇਵੇ ਤੇ ਬਾਹਰੋਂ ਭਰਤੀ ਨਾ ਕੀਤੀ ਜਾਵੇ। ਕੌਮੀ ਪ੍ਰਧਾਨ ਨੇ ਕਿਹਾ ਕਿ ਇਹਨਾਂ ਮੰਗਾਂ ਨੂੰ ਲੈ ਕੇ 5 ਜੂਨ ਨੂੰ ਸਾਰੇ ਰਾਜਾਂ ਵਿਚੋਂ ਬਲਾਕ ਪੱਧਰ ’ਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਨਾਮ ਮੰਗ ਪੱਤਰ ਭੇਜੇ ਜਾਣਗੇ। ਆਨਲਾਇਨ ਮੀਟਿੰਗ ਵਿਚ ਮਧੂ ਬਾਲਾ ਜਨਰਲ ਸਕੱਤਰ, ਛੋਟਾ ਗਹਲੋਤ ਸੀਨੀਅਰ ਮੀਤ ਪ੍ਰਧਾਨ, ਗਰਿਮਾ ਮੀਤ ਪ੍ਰਧਾਨ, ਸੰਤੋਸ਼ ਗੁੱਜਰ ਵਿੱਤ ਸਕੱਤਰ, ਪ੍ਰੇਮ ਕੁਮਾਰ ਦਫ਼ਤਰ ਸਕੱਤਰ, ਯਦੂ ਬਾਲਾ ਤੇ ਰਾਜ ਕੁਮਾਰੀ ਨੇ ਆਪਣੇ ਵਿਚਾਰ ਰੱਖੇ।