ਹਰੀਸ਼ ਕਾਲੜਾ
ਰੂਪਨਗਰ 31 ਮਾਰਚ 2021 : ਪਿਛਲੇ ਸਾਲ ਦੀ ਤਰ੍ਹਾਂ ਕਰੌਨਾ ਮਹਾਮਾਰੀ ਦੇ ਡਰ ਨੂੰ ਬਰਕਰਾਰ ਰੱਖਦੇ ਹੋਏ ਸਰਕਾਰ ਵੱਲੋਂ ਅਚਾਨਕ ਉਸੇ ਮਹੀਨੇ ਉਸੇ ਦਿਨ ਸਕੂਲ ਬੰਦ ਕਰਨ ਦੇ ਫਰਮਾਨ ਨੇ ਇੱਕ ਵਾਰ ਫਿਰ ਵਿਦਿਆਰਥੀਆਂ, ਮਾਪਿਆਂ, ਅਧਿਆਪਕ ਅਤੇ ਦੂਜੇ ਕਰਮਚਾਰੀਆਂ ਦੇ ਸਾਹ ਸੂਤ ਦਿੱਤੇ। ਜਿੱਥੇ ਇਹਨਾਂ ਸਾਰਿਆਂ ਨੂੰ ਆਪਣਾ ਭੱਵਿਖ ਅੰਧਕਾਰ ਵਿੱਚ ਜਾਂਦਾ ਦਿਸਿਆ ਉੱਥੇ ਸਕੂਲ ਸੰਚਾਲਕਾਂ ਨੂੰ ਇਹ ਸਮਝ ਆਉਣਾ ਸਮਝ ਦੀਆਂ ਪਰਤਾਂ ਤੋਂ ਪਰੇ ਦੀ ਗੱਲ ਲੱਗੀ ਕਿ ਸਕੂਲ ਚਲਾਉਣੇ ਕਿਵੇਂ ਹਨ? ਕਿਉਂਕਿ ਇੱਕ ਪਾਸੇ ਸਰਕਾਰ ਹੁਕਮ ਕਰਦੀ ਹੈ ਕਿ ਸਕੂਲ ਬੰਦ ਹਨ ਦੂਜੇ ਪਾਸੇ ਸਰਕਾਰੀ ਅਮਲੇ ਨੂੰ ਹਦਾਇਤਾਂ ਕਰਦੀ ਹੈ ਕਿ ਉਹ ਪਿੰਡਾਂ ਵਿੱਚ ਜਾਣ, ਪੰਚਾਇਤਾਂ ਨੂੰ ਮਿਲਣ ਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਵਾਧਾ ਕਰਨ। ਇਹੋ ਜਿਹੇ ਫੈਸਲੇ ਆਮ ਲੋਕਾਂ ਵਿੱਚ ਅਰਾਜਕਤਾ ਪੈਦਾ ਕਰਦੇ ਹਨ।
ਇਸੇ ਪੈਦਾ ਹੋਈ ਅਰਾਜਕਤਾ ਸਦਕਾ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸ਼ੋਸ਼ੀਏਸ਼ਨ ਆਫ ਪੰਜਾਬ ਨੇ 24 ਮਾਰਚ ਤੋਂ 31 ਮਾਰਚ 2021 ਪੂਰੇ ਪੰਜਾਬ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਜਿਸ ਰਾਹੀ ਸਰਕਾਰ ਨੂੰ ਮਾਤਾਪਿਤਾ, ਵਿਦਿਆਰਥੀਆਂ ਅਤੇ ਅਧਿਆਪਕਾ ਦੀਆਂ ਸਮੂਹਿਕ ਤੌਰ ਤੇ ਸਕੂਲ ਬੰਦ ਹੋਣ ਕਾਰਨ ਪੇਸ਼ ਆ ਰਹੀਆਂ ਸੱਮਸਿਆਵਾਂ ਨੂੰ ਵੱਖੋਂ ਵੱਖਰੇ ਤਰੀਕੇ ਨਾਲ ਸਰਕਾਰ ਦੀ ਨਜ਼ਰ ਕੀਤਾ ਗਿਆ। ਸਰਕਾਰ ਨੂੰ ਮਹਿਸੂਸ ਕਰਵਾਇਆ ਗਿਆ ਕਿ ਪ੍ਰਾਈਵੇਟ ਸਕੂਲ ਸਰਕਾਰ ਦਾ ਕੰਮ ਕਰਦੇ ਹਨ, ਸਰਕਾਰ ਦੇ ਸਹਿਯੋਗੀ ਹਨ।
ਸਕੂਲ ਖੁੱਲਣਾ ਤੇ ਵਿਦਿਆਰਥੀਆਂ ਦਾ ਸਕੂਲ ਵਿੱਚ ਆਉਣਾ ਉਹਨਾਂ ਨੂੰ ਇਸ ਗੱਲ ਲਈ ਪ੍ਰਪੱਕ ਕਰਦਾ ਹੈ ਕਿ ਕਰੌਨਾ ਮਹਾਮਾਰੀ ਜਾਂ ਭਵਿੱਖ ਵਿੱਚ ਉਪਜੀਆਂ ਇਸੇ ਤਰ੍ਹਾਂ ਦੀਆਂ ਹੋਰ ਮਹਾਮਾਰੀਆਂ ਦਾ ਟਾਕਰਾ ਕਿਵੇਂ ਕਰਨਾ ਹੈ? ਆਪਣੀ ਵਿੱਦਿਆ ਪ੍ਰਾਪਤੀ ਦੇ ਨਾਲ ਆਪਣੀ ਸਿਰਜਣਾਤਮਕ ਸੋਚ ਦਾ ਵਿਕਾਸ ਕਿਵੇਂ ਕਰਨਾ ਹੈ? ਸਕੂਲ ਤੋਂ ਲਈ ਸਿੱਖਿਆ ਦਾ ਸੰਚਾਲਨ ਆਪਣੇ ਮਾਤਾ ਪਿਤਾ ਅਤੇ ਆਂਢਗੁਆਂਢ ਦੇ ਨਿਸਬਨ ਕਿਸ ਤਰੀਕੇ ਨਾਲ ਕਰਨਾ ਹੈ? ਤਾਂ ਜੋ ਸਿੱਖਿਆ ਦੀ ਲਹਿਰ ਇੱਕ ਉਸਾਰੂ ਵਾਤਾਵਰਣ ਬਣ ਜਾਵੇ। ਇਸੇ ਸਕੂਲ ਖੋਲਣ ਦੀ ਬੇਨਤੀ ਨੂੰ ਲੈ ਕੇ ਅੱਜ 31 ਮਾਰਚ 2021 ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸ਼ੋਸ਼ੀਏਸ਼ਨ ਆਫ ਪੰਜਾਬ ਦੀ ਰੂਪਨਗਰ ਇਕਾਈ ਵੱਲੋਂ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਕਰੀਬ ਕਰੀਬ ਸਾਰੇ ਪ੍ਰਾਈਵੇਟ ਸਕੂਲਾਂ ਦੇ ਨੁਮਾਇੰਦਿਆਂ ਨੇ ਆਪਣੇਆਪਣੇ ਸਕੂਲ ਦੇ ਮਾਤਾਪਿਤਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰਹਿਨੁਮਾਈ ਕੀਤੀ।
ਡਿਪਟੀ ਕਮਿਸ਼ਨਰ, ਰੂਪਨਗਰ ਸੋਨਾਲੀ ਗਿਰੀ ਨੇ ਬਹੁਤ ਹੀ ਸਾਰਥਕ ਤਰੀਕੇ ਨਾਲ ਰੂਪਨਗਰ ਪ੍ਰਾਈਵੇਟ ਸਕੂਲਜ ਐਸ਼ੋਸ਼ੀਏਸ਼ਨ ਦੇ ਨੁਮਾਇੰਦਿਆਂ ਦੀ ਗੱਲ ਸੁਣੀ। ਨੁਮਾਇੰਦਿਆਂ ਵੱਲੋਂ ਮੁੱਖ ਤੌਰ ਤੇ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀ ਰਹਿਨੁਮਾਈ ਵਿੱਚ ਪ੍ਰਾਈਵੇਟ ਸਕੂਲਾਂ ਨਾਲ ਮਿਲ ਬੈਠ ਕੇ ਇਹ ਵਿਚਾਰ ਕਰਨ ਕਿ ਕਰੌਨਾ ਮਹਾਮਾਰੀ ਦੇ ਬਚਾਵ ਦੀਆਂ ਸ਼ਰਤਾਂ ਦਾ ਪਾਲਣ ਕਰਦੇ ਹੋਏ ਸਕੂਲ ਕਿਵੇਂ ਖੁੱਲੇ ਰੱਖੇ ਜਾ ਸਕਦੇ ਹਨ? ਨੁਮਾਇੰਦਿਆਂ ਵੱਲੋਂ ਇਹ ਜ਼ਾਹਰ ਕੀਤਾ ਗਿਆ ਕਿ ਸਕੂਲ ਇੱਕ ਅਨੁਸ਼ਾਸ਼ਨ ਵਿੱਚ ਰਹਿਣ ਵਾਲੀ ਸੰਸਥਾ ਹੁੰਦੀ ਹੈ ਜਿੱਥੇ ਅਜਿਹੀਆਂ ਮਹਾਮਾਰੀਆਂ ਦੇ ਬਚਾਵ ਲਈ ਹਰ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕੀਤਾ ਜਾ ਸਕਦਾ ਹੈ। ਸਕੂਲ ਬੰਦ ਕਰਨਾ ਸਮਾਜ ਲਈ ਘਾਤਕ ਹੈ। ਡਿਪਟੀ ਕਮਿਸ਼ਨਰ, ਰੂਪਨਗਰ ਨੇ ਸਰਕਾਰ ਨਾਲ ਇਸ ਮੁੱਦੇ ਤੇ ਗੱਲ ਕਰਨ ਦਾ ਧਰਵਾਸ ਦਿੱਤਾ। ਇਸ ਮੌਕੇ ਰੂਪਨਗਰ ਪ੍ਰਾਇਵੇਟ ਸਕੂਲਜ ਐਸ਼ੋਸ਼ੀਏਸ਼ਨ ਦੇ ਨੁਮਾਇੰਦੇ ਸੁਖਜਿੰਦਰ ਸਿੰਘ,ਅਮਰਜੀਤ ਸਿੰਘ ਸੈਣੀ, ਮੈਡਮ ਛਿੰਦਰਪਾਲ ਕੌਰ, ਐਚ.ਐਸ. ਮੱਲੀ, ਯੂ.ਐਸ.ਢਿਲੋ, ਜੇ.ਕੇ. ਜੱਗੀ, ਨਰੇਸ਼ ਗੋਤਮ, ਸਵਰਨ ਸਿੰਘ ਭੰਗੂ, ਪਰਮਿੰਦਰ ਸ਼ਰਮਾਂ, ਸੰਸਥਾਵਾਂ ਦੇ ਮੁੱਖੀ ਅਤੇ ਪ੍ਰਿੰਸੀਪਲ ਆਦਿ ਸ਼ਾਮਲ ਸਨ।