ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 15 ਅਪ੍ਰੈਲ 2021 - ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਸ਼ਹਿਰਾਂ,ਪਿੰਡ ਕਸਬਿਆਂ ਵਿੱਚ ਆਮ ਲੋਕਾਂ ਦੇ ਕੋਵਿਡ ਤੋਂ ਬਚਾਅ ਲਈ ਸੈਂਪਲ ਤੇ ਕੋਰੋਨਾ ਟੀਕਾਕਰਨ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਲਈ ਟੀਮਾਂ ਦਾ ਗਠਿਤ ਕੀਤੀਆਂ ਗਈਆਂ ਹਨ,ਜ਼ਿਲੇ ਵਿੱਚ ਕੋਰੋਨਾ ਜਾਗਰੂਕਤਾ ਸਰਗਰਮੀਆਂ ਤੇਜ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਸਿਵਲ ਸਰਜਨ ਡਾ.ਸੰਜੇ ਕਪੂਰ ਨੇ ਸਾਰੀਆਂ ਸਿਹਤ ਸੰਸਥਾਵਾਂ ਅਧੀਨ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਦੇ ਆਯੋਜਨ ਲਈ ਹਦਾਇਤ ਕਰਦਿਆਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕਰਨ ਦੀ ਸਲਾਹ ਦਿੱਤੀ।
ਉਨਾਂ ਫੀਲਡ ਸਟਾਫ ਨੂੰ ਹਦਾਇਤ ਕੀਤੀ ਕੇ ਸਮੂਹ ਸਟਾਫ ਪਿੰਡ ਪੰਚਾਇਤਾਂ,ਯੂਥ ਕਲੱਬਾਂ,ਧਾਰਮਿਕ ਸੰਸਥਾਵਾਂ,ਪੇਂਡੂ ਸਿਹਤ-ਸਫਾਈ ਤੇ ਖੁਰਾਕ ਕਮੇਟੀਆਂ ਅਤੇ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਕੋਰੋਨਾ ਟੀਕਾਕਰਨ ਕੈਂਪਾਂ ਦਾ ਆਯੋਜਨ ਕਰਨ।ਉਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਕੋਵਿਡ ਦੇ ਐਕਟਿਵ ਕੇਸ ਅਤੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਲਈ ਕੋਰੋਨਾ ਤੋਂ ਮੁਕਤੀ ਲਈ ਸਾਰਿਆਂ ਦਾ ਸਹਿਯੋਗ ਜਰੂਰੀ ਹੈ,ਪੰਚਾਇਤਾਂ,ਕਲੱਬ ਸਵੈ-ਇੱਛਾ ਨਾਲ ਆਪਣੇ ਨਗਰ ਵਿੱਚ ਕੋਰੋਨਾ ਟੀਕਾਕਰਨ ਕੈਂਪ ਲਗਾਉਣ ਲਈ ਅੱਗੇ ਆਉਣ।ਫਰੰਟ ਲਾਈਨ ਵਰਕਰਾਂ ਜਿਵੇਂ ਪੰਚਾਇਤੀ ਰਾਜ ਸੰਸਥਾਵਾਂ ਦਾ ਸਟਾਫ,ਅਧਿਆਪਕਾਂ,ਇਲੈਕਸ਼ਨ ਡਿਊਟੀ ਅਫਸਰਾਂ ਆਦਿ ਦੇ ਨਾਲ-ਨਾਲ ਹੁਣ 45 ਸਾਲ ਤੋਂ ਉਪਰ ਉਮਰ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ।
ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਹ ਟੀਕਾ ਬਿੱਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਕੋਰੋਨਾ ਦਾ ਟੀਕਾ 250/-ਰੁਪਏ ਪ੍ਰਤੀ ਡੋਜ਼ ਹੈ,ਜ਼ਿਲੇ ਅੰਦਰ 86 ਕੋਰੋਨਾ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ,ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ,ਹਰ ਸਬ-ਸੈਂਟਰ-ਵੈੱਲਨੈਸ ਸੈਂਟਰ,ਸੀ.ਐਚ.ਸੀ,ਸ਼ਹਿਰੀ ਤੇ ਪੇਂਡੂ ਪੀ.ਐਚ.ਸੀ,ਸਬ-ਡਵੀਜ਼ਨਲ ਹਸਪਤਾਲਾਂ,ਪ੍ਰਾਈਵੇਟ ਹਸਪਤਾਲਾਂ,ਮਾਡਰਨ ਜੇਲ ਅਤੇ ਮਿਲਟਰੀ ਹਸਪਤਾਲ ਵਿੱਚ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਟੀਕਾਕਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਸਰਕਾਰ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ,ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ,ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਲੈਣੀ ਹੋਵੇਗੀ ਤੇ ਦੂਜੀ ਖੁਰਾਕ ਲੈਣ ਤੋਂ 2 ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਵੇਗਾ।
ਉਨਾਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਆਪਣੇ ਪਿੰਡ ਦੇ ਸਿਹਤ ਵਿਭਾਗ ਦੇ ਸਟਾਫ,ਸਰਕਾਰੀ ਵੈਬਸਾਈਟ ਜਾਂ ਜਾਰੀ ਹੈਲਪ ਲਾਈਨ ਨੰਬਰ ਤੇ ਹੀ ਸੰਪਰਕ ਕਰਨ ਦੀ ਸਲਾਹ ਦਿੱਤੀ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਮਨਦੀਪ ਕੌਰ,ਜ਼ਿਲਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ,ਬਲਾਕ ਮਾਸ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਹਾਜਰ ਸਨ।