ਕਮਲਜੀਤ ਸਿੰਘ ਸੰਧੂ
ਬਰਨਾਲਾ, 20 ਮਾਰਚ 2021 - ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਲਗਾਤਾਰ ਦੂਜੀ ਲਹਿਰ ਚੱਲਣ ਕਾਰਨ ਮਾਮਲੇ ਵਧ ਰਹੇ ਹਨ । ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ । ਇਸੇ ਨੂੰ ਧਿਆਨ ਵਿੱਚ ਰੱਖਦਿਆਂ ਬਰਨਾਲਾ ਜ਼ਿਲ੍ਹੇ ਵਿੱਚ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਪਰ ਮਾਸਕ ਨਾ ਪਾਉਣ ਵਾਲੇ ਲੋਕਾਂ ਤੇ ਬਰਨਾਲਾ ਪੁਲੀਸ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ । ਜਿਸ ਦੇ ਚੱਲਦਿਆਂ ਅੱਜ ਬਰਨਾਲਾ ਪੁਲਸ ਵੱਲੋਂ ਨਾਕਾਬੰਦੀ ਕਰਕੇ ਸਫ਼ਰ ਦੌਰਾਨ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਰੋਕ ਕੇ ਚਲਾਨ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਕੋਰੋਨਾ ਵਾਇਰਸ ਸਬੰਧੀ ਟੈਸਟ ਵੀ ਕਰਵਾਏ ਗਏ ।
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਦੇ ਡੀ ਐੱਸ ਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ । ਜਿਸ ਦੇ ਚੱਲਦਿਆਂ ਬਰਨਾਲਾ ਪੁਲਸ ਵੱਲੋਂ ਐੱਸ ਐੱਸ ਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਕਰਨ ਲਈ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ । ਪਰ ਇਸਦੇ ਬਾਵਜੂਦ ਬਹੁਗਿਣਤੀ ਲੋਕ ਮਾਸਕ ਪਾਉਣ ਤੋਂ ਟਾਲਾ ਵੱਟ ਰਹੇ ਹਨ , ਜਿਸ ਲਈ ਪੁਲੀਸ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ । ਇਸ ਦੇ ਚੱਲਦਿਆਂ ਬਰਨਾਲਾ ਪੁਲਸ ਵੱਲੋਂ ਨਾਕਾਬੰਦੀ ਕਰਕੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੀ ਕੋਰੋਨਾ ਟੈਸਟਿੰਗ ਕਰਵਾਉਣ ਅਤੇ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਮਾਸਕ ਨਾ ਪਹਿਨਣ ਵਾਲੇ ਵਿਅਕਤੀ ਦਾ ਇੱਕ ਹਜਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਦ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਹੋਣਾ ਚਾਹੀਦਾ ਹੈ । ਜਿਸ ਕਰਕੇ ਲੋਕਾਂ ਨੂੰ ਆਪਣੇ ਬਚਾਅ ਲਈ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ ।
ਇਸ ਮੌਕੇ ਲੋਕਾਂ ਦੀ ਕੋਰੋਨਾ ਟੈਸਟਿੰਗ ਕਰ ਰਹੀ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਬਰਨਾਲਾ ਪੁਲਸ ਦੇ ਸਹਿਯੋਗ ਨਾਲ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ । ਟੈਸਟ ਕਰਨ ਮੌਕੇ ਹਰ ਇੱਕ ਵਿਅਕਤੀ ਦਾ ਮੋਬਾਇਲ ਨੰਬਰ ਲੈ ਕੇ ਆਈ ਡੀ ਬਣਾਈ ਜਾ ਰਹੀ ਹੈ । ਜੇਕਰ ਉਸ ਦੀ ਰਿਪੋਰਟ ਪਾਜ਼ਟਿਵ ਆਉਂਦੀ ਹੈ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਵਿਅਕਤੀ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਇਸ ਮੌਕੇ ਪੁਲਿਸ ਵੱਲੋਂ ਮਾਸਕ ਨਾ ਪਾਉਣ ਵਾਲੇ ਰੋਕੇ ਗਏ ਲੋਕਾਂ ਨੇ ਵੀ ਮੰਨਿਆ ਕਿ ਮਾਸਕ ਪਾਉਣ ਨਾਲ ਉਨ੍ਹਾਂ ਦੀ ਖੁਦ ਦੀ ਸੇਫਟੀ ਹੈ ਅਤੇ ਪੁਲਸ ਵੱਲੋਂ ਇਕ ਚੰਗੀ ਪਹਿਲ ਕੀਤੀ ਗਈ ਹੈ ।