ਅਸ਼ੋਕ ਵਰਮਾ
ਮਾਨਸਾ,7ਫਰਵਰੀ2021:ਅੱਜ ਮਾਨਸਾ ਵਿਖੇ ਯੂਥ ਵਿੰਗ ਦੀ ਸਹਿ ਪ੍ਰਧਾਨ ਪੰਜਾਬ ਅਨਮੋਲ ਗਗਨ ਮਾਨ ਨੇ ਅੱਜ ਮਾਨਸਾ ਸ਼ਹਿਰ ਵੱਖ-ਵੱਖ ਵਾਰਡਾਂ ਦੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਦੇ ਵਿਕਾਸ ਅਤੇ ਸਾਫ਼ ਸੁਧਰੇ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਪਿਛਲੇ 50 ਸਾਲਾਂ ਤੋਂ ਲਟਕਦੀਆਂ ਮੁਢਲੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਗਗਨ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਰਚ ਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਪੰਜਾਬ ਦੀ ਜਵਾਨੀ ਰੁਜ਼ਗਾਰ ਨਾ ਮਿਲਦਾ ਵੇਖ ਬਾਹਰ ਵਿਦੇਸ਼ਾਂ ਵੱਲ ਭੱਜ ਰਹੀ ਹੈ ਜਦੋਂਕਿ ਬੁੱਢੇ ਮਾਂ-ਬਾਪ ਵਿਦੇਸ਼ ਗਏ ਬੱਚਿਆਂ ਦੇ ਰਾਹ ਤੱਕਦੇ ਹੰਝੂ ਵਹਾ ਰਹੇ ਹਨ।
ਉਹਨਾਂ ਕਿਹਾ ਕਿ ਕੋਵਿਡ ਕਰਕੇ ਅੱਜ ਵਪਾਰ ਬਿਲਕੁਲ ਖਤਮ ਹੋ ਗਿਆ ਹੈ, ਦੁਕਾਨਦਾਰ ਕਾਰੋਬਾਰ ਨਾ ਚੱਲਣ ਕਰਕੇ ਘੋਰ ਨਿਰਾਸ਼ਤਾ ਵਿੱਚ ਹਨ, ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੱਟ ਲਾਏ ਜਾ ਰਹੇ ਹਨ, ਬਿਜਲੀ ਅਤੇ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਆਦਮੀ ਦਾ ਬਜਟ ਹਿੱਲ ਗਿਆ ਹੈ। ਕੈਪਟਨ ਨੇ ਜੋ ਵਾਅਦੇ ਸਰਕਾਰ ਬਣਾਉਣ ਵੇਲੇ ਕੀਤੇ ਸੀ ਉਹਨਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਹੈ। ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿੱਚ ਇਕੱਲੇ ਵਾਅਦੇ ਹੀ ਨਹੀਂ ਪੂਰੇ ਕੀਤੇ ਸਗੋਂ ਉਸ ਤੋਂ ਵੱਧ ਕਰਕੇ ਵਿਖਾਇਆ ਤੇ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਕੇ ਤੀਜੀ ਵਾਰ ਸਰਕਾਰ ਬਣਾਈ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ, ਮਜ਼ਦੂਰ, ਵਪਾਰੀ ਦਿੱਲੀ ਠੰਢ ਵਿੱਚ ਖੁਲੇ ਅਸਮਾਨ ਥੱਲੇ ਬੈਠੇ ਹਨ ਜਿੱਥੇ ਮੋਦੀ ਸਰਕਾਰ ਤਾਨਸਾਹ ਬਣਕੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਉੱਥੇ ਹੀ ਕੈਪਟਨ, ਬਾਦਲ, ਈ.ਡੀ. ਅਤੇ ਸੀ.ਬੀ.ਆਈ. ਤੋਂ ਡਰਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ। ਜਦੋਂ ਕਿ ਆਮ ਆਦਮੀ ਪਾਰਟੀ ਨੇ ਸਰਬ ਪਾਰਟੀ ਮੀਟਿੰਗ ਵਿੱਚ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਟਾਇਮ ਲੈਣ, ਨਹੀਂ ਉਹਨਾਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਦੇ ਘਰ ਅੱਗੇ ਧਰਨਾ ਲਾਉਣ ਲਈ ਤਿਆਰ ਹੈ । ਕੈਪਟਨ ਇਸ ਗੱਲ ਤੋਂ ਭੱਜ ਗਏ ਕਿਉਂਕਿ ਉਸ ਦੇ ਪੁੱਤਰ ਤੇ ਪਤਨੀ ਉਪਰ ਈ.ਡੀ. ਦੇ ਪਰਚੇ ਚੱਲ ਰਹੇ ਹਨ।
ਇਸ ਮੌਕੇ ਉਹਨਾਂ ਨਾਲ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਸੁਖਵਿੰਦਰ ਸਿੰਘ ਭੋਲਾ ਮਾਨ, ਹਰਜੀਤ ਸਿੰਘ ਦੰਦੀਵਾਲ, ਰਮੇਸ਼ ਖਿਆਲਾ, ਹਰਦੇਵ ਉਲਕ, ਸ਼ਿੰਗਾਰਾ ਖਾਨ ਜਵਾਹਰਕੇ, ਐਡਵੋਕੇਟ ਕਮਲ ਗੋਇਲ ਅਤੇ ਐਡਵੋਕੇਟ ਰਣਦੀਪ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚੋਂ ਚੋਣ ਲੜ ਰਹੇ ਰਾਣੀ ਕੌਰ, ਕਿ੍ਰਸ਼ਨ ਸਿੰਘ, ਸੁਰਿੰਦਰ ਗੱਜੂ, ਅਮਰਜੀਤ ਕੌਰ, ਕਿਰਤਪਾਲ ਸਿੰਘ, ਮਨਜੀਤ ਕੌਰ, ਜੰਟਾ ਕੋਚ, ਪਰਮਜੀਤ ਕੌਰ, ਦਵਿੰਦਰ ਕੁਮਾਰ (ਬਿੰਦਰ), ਕਰਮਜੀਤ ਕੌਰ ਤੇ ਸੀਤੀ ਕੌਰ ਉਮੀਦਵਾਰ ਵੀ ਹਾਜ਼ਰ ਸਨ।