ਸਰਬਜੀਤ ਸੁਖੀਜਾ
- ਕੋਰੋਨਾ ਦੀ ਆੜ ਵਿਚ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਵਿਰੋਧ
ਸ੍ਰੀ ਮੁਕਤਸਰ ਸਾਹਿਬ, 25 ਮਾਰਚ 2021 - ਕੋਰੋਨਾ ਦੀ ਆੜ ਵਿਚ ਸਕੂਲਾਂ ਨੂੰ ਫਿਰ ਤੋਂ ਬੰਦ ਕਰਨ ਦੀ ਤਿਆਰੀ ਵਿਚ ਬੈਠੀ ਸਰਕਾਰ ਦੇ ਵਿਰੋਧ ਵਿਚ ਪ੍ਰਾਈਵੇਟ ਸਕੂਲਾਂ ਨੇ ਮੋਰਚਾ ਖੋਲ ਦਿੱਤਾ ਹੈ। ਰਾਸਾ ਅਧੀਨ ਆਉਂਦੇ ਜ਼ਿਲੇ ਦੇ 200 ਦੇ ਕਰੀਬ ਪ੍ਰਾਈਵੇਟ ਸਕੂਲਾਂ ਦੇ ਸਟਾਫ਼ ਅਤੇ ਮਾਲਕਾਂ ਨੇ ਰੋਸ ਪ੍ਰਗਟ ਕੀਤਾ। ਸਕੂਲ ਵਿਚ ਸਟਾਫ਼ ਅਤੇ ਪ੍ਰਬੰਧਕਾਂ ਨੇ ਹੱਥ ਵਿਚ ਕਾਲੇ ਝੰਡੇ ਤੇ ਵਿਰੋਧ ਦੇ ਪੋਸਟਰ ਫੜ ਕੇ ਸਰਕਾਰ ਖਿਲਾਫ਼ ਰੋਸ ਜਾਹਿਰ ਕੀਤਾ। ਰਾਸਾ ਦੇ ਆਗੂ ਰਾਕੇਸ਼ ਪਰੂਥੀ ਅਤੇ ਸੰਦੀਪ ਗਿਰਧਰ ਨੇ ਦੱਸਿਆ ਕਿ ਸਰਕਾਰ ਕਰੋਨਾ ਦੀ ਆੜ ਵਿਚ ਸਕੂਲਾਂ ਨੂੰ ਬਿਲਕੁਲ ਹੀ ਬੰਦ ਕਰ ਰਹੀ ਹੈ। ਜਦਕਿ ਰੈਲੀਆਂ ਅਤੇ ਹੋਰ ਪੋ੍ਰਗਰਾਮ ਚੱਲ ਰਹੇ ਹਨ।
ਪਹਿਲਾਂ ਹੀ ਇੱਕ ਸਾਲ ਸਕੂਲ ਬੰਦ ਰਹਿਣ ਕਾਰਨ ਜਿਥੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋਇਆ ਹੈ। ਉਥੇ ਹੀ ਸਕੂਲਾਂ ਦੇ ਮਾਲਕਾਂ ਦੀ ਆਰਥਿਕ ਹਾਲਤ ਵੀ ਡਾਂਵਾਡੋਲ ਹੋ ਗਈ ਹੈ। ਅਜਿਹੇ ਵਿਚ ਜੇਕਰ ਹੁਣ ਫਿਰ ਤੋਂ ਸਕੂਲ ਬੰਦ ਹੋ ਜਾਂਦੇ ਹਨ ਤਾਂ ਸਕੂਲ ਮਾਲਕਾਂ ਦੀ ਹਾਲਤ ਤਰਸਯੋਗ ਹੋ ਜਾਵੇਗੀ ਅਤੇ ਉਨਾਂ ਦੇ ਆਸਰੇ ਹੀ ਆਪਣਾ ਗੁਜਾਰਾ ਕਰ ਰਹੇ ਹਜ਼ਾਰਾਂ ਪ੍ਰਾਈਵੇਟ ਅਧਿਆਪਕ ਵੀ ਰੋਟੀ ਤੋਂ ਮੁਹਤਾਜ ਹੋਣ ਜਾਣਗੇ।
ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਕੂਲਾਂ ਨੂੰ ਬੰਦ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਜਿਹੇ ਵਿਚ ਚਾਹੇ ਨਤੀਜੇ ਬਾਅਦ ਵਿਚ ਕੁਝ ਵੀ ਨਿਕਲਣ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਕ ਸਕੂਲ ਦੇ ਬੰਦ ਹੋਣ ਨਾਲ ਇੱਕ ਨਹੀਂ ਬਲਕਿ ਦੋ ਦਰਜਨ ਤੋਂ ਉਪਰ ਪਰਿਵਾਰਾਂ ਦੀ ਰੋਟੀ ਦਾ ਮਸਲਾ ਬਣ ਜਾਂਦਾ ਹੈ। ਅਜਿਹੇ ਵਿਚ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਂਦੇ ਹੋਏ ਕੁਝ ਨਿਯਮ ਜਾਰੀ ਕਰਨੇ ਚਾਹੀਦੇ ਹਨ ਜੋ ਕਿ ਸਕੂਲ ਵਿਚ ਲਾਗੂ ਹੋਣ।