ਐਸ ਏ ਐਸ ਨਗਰ, ਮਈ 11, 2020: ਮੁੱਖ ਖੇਤੀਬਾੜੀ ਅਫਸਰ ਡਾ. ਰਣਜੀਤ ਸਿੰਘ ਬੈਂਸ ਨੇ ਕਿਸਾਨ ਵੀਰਾਂ ਨੂੰ ਸਾਉਣੀ 2020 ਦੌਰਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਲਿਆਉਣ ਅਤੇ ਕੋਵਿਡ-19 ਮਹਾਂਮਾਰੀ ਕਾਰਨ ਝੋਨੇ ਦੀ ਪਨੀਰੀ ਦੀ ਲੁਆਈ ਮੌਕੇ ਮਜਦੂਰਾਂ ਦੀ ਘਾਟ ਦੀ ਸੰਭਾਵਨਾ ਹੋਣ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਿੱਧੀ ਬਿਜਾਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਕੀਤੀ ਜਾਵੇ ਅਤੇ ਰੇਤਲੀ ਜ਼ਮੀਨ ਵਿਚ ਇਸ ਤਕਨੀਕ ਦੀ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਸਿੱਧੀ ਬਿਜਾਈ ਲਈ ਖੇਤ ਨੂੰ ਪੱਧਰਾ ਕਰਕੇ ਰੌਣੀ ਕਰ ਦੇਣੀ ਚਾਹੀਦੀ ਹੈ ਅਤੇ ਵਤਰ ਆਉਣ ਤੋਂ ਦੋ ਵਾਰ ਵਾਹ ਕੇ ਸੁਹਾਗਾ ਮਾਰ ਕੇ ਤੁਰੰਤ ਸਿੱਧੀ ਬਿਜਾਈ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਝੋਨੇ ਦੀ ਕਿਸਮਾਂ ਪੀ ਆਰ-121, 122, 114, 126 ਅਤੇ 127 ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਅਤੇ ਬਾਸਮਤੀ ਕਿਸਮਾਂ 1121, 1509 ਅਤੇ 1718 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਸਿੱਧੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਜਰੂਰੀ ਹੁੰਦਾ ਹੈ।
ਬਿਜਾਈ ਤੋਂ ਪਹਿਲਾਂ 8 ਘੰਟੇ ਲਈ ਬੀਜ ਪਾਣੀ ਵਿਚ ਭਿਉਂ ਕੇ ਬਾਅਦ ਵਿਚ ਸੁਕਾ ਕੇ ਬੀਜਣਾ ਚਾਹੀਦਾ ਹੈ , ਬੀਜ ਭਿਉਣ ਸਮੇਂ 20 ਗ੍ਰਾਮ ਬਾਵਿਸਟਿਨ ਅਤੇ ਇਕ ਗ੍ਰਾਮ ਸਟ੍ਰੈਪਟੋਸਾਈਕਲੀਨ ਨਾਲ ਸੋਧ ਕਰ ਲੈਣੀ ਚਾਹੀਦੀ ਹੈ। ਭਾਰੀਆਂ ਜ਼ਮੀਨਾਂ ਵਿਚ ਬਿਜਾਈ ਵੱਤਰ ਵਿਚ ਕਰੋ ਅਤੇ ਪੈਡੀਮੈਥਲਿਨ 30% ਈ ਸੀ, ਇੱਕ ਲੀਟਰ ਦਾਵਈ ਦਾ ਸਪਰੇ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ ਬਾਅਦ ਤੁਰੰਤ (24 ਘੰਟੇ ਦੇ ਅੰਦਰ ਅੰਦਰ) ਕਰਨ ਲਈ ਸਿਫਾਰਸ ਕੀਤੀ ਜਾਂਦੀ ਹੈ। ਬਿਜਾਈ ਤੋਂ 25 ਤੋਂ 30 ਦਿਨ ਦੂਜੀ ਸਪਰੇ ਨਦੀਨ ਨਾਸ਼ਕ ਦਵਾਈ ਦਾ ਸਪਰੇ ਕਰਨਾ ਚਾਹੀਦਾ ਹੈ। ਨਦੀਨ ਨਾਸ਼ਕ ਦਵਾਈਆਂ ਦਾ ਸਪਰੇ ਕੋਟ ਵਾਲੀ ਜਾਂ ਫਲੈਟ ਫੈਨ ਨੋਜਲ ਨਾਲ ਕਰਨਾ ਚਾਹੀਦਾ ਹੈ।
ਝੋਨੇ ਦੀਆਂ ਪਰਮਲ ਕਿਸਮਾਂ ਵਿਚ ਯੂਰੀਆ 130 ਕਿਲੋ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿਚ ਬਿਜਾਈ ਤੋਂ 4,6 ਅਤੇ 9 ਹਫਤੇ ਬਾਅਦ ਛੱਟਾ ਨਾਲ ਪਾਓ ਅਤੇ ਜੇਕਰ ਪਹਿਲਾਂ ਕਣਕ ਨੂੰ ਫਾਸਫੋਰਸ ਪਾਈ ਗਈ ਹੈ ਤਾਂ ਇਸ ਖਾਦ ਦੀ ਝੋਨੇ ਵਿਚ ਪਾਉਣ ਦੀ ਲੋੜ ਨਹੀਂ ਹੈ। ਬਾਸਮਤੀ ਕਿਸਮਾਂ ਵਿਚ 54 ਕਿਲੋ ਯੂਰੀਆ ਤਿੰਨ ਬਰਾਬਰ ਹਿੱਸਿਆਂ ਵਿਚ 3,6,ਅਤੇ 9 ਹਫਤੇ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ। ਝੋਨੇ ਦੀ ਫਸਲ ਵਿਚ ਜਿੰਕ ਦੀ ਘਾਟ ਆਉਣ ਤੇ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡੇਟ (21%) ਜਾਂ 6.5 ਲਿੰਕ ਜਿੰਕ ਸਲਫੇਟ ਮੋਨੋਹਾਈਡੇਟ (33%) ਨੂੰ ਏਨੀ ਹੀ ਸੁੱਕੀ ਮਿੱਟੀ ਵਿਚ ਰਲਾ ਕੇ ਘਾਟ ਵਾਲੇ ਥਾਂਵਾਂ ਵਿਚ ਖਿਲਾਰ ਦੇਣਾ ਚਾਹੀਦੀ ਹੈ। ਇਸੇ ਤਰ੍ਹਾਂ ਲੋਹੇ ਦੀ ਘਾਟ ਆਉਣ ਤੇ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਅਜਿਹੇ 2 ਤੋਂ 3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਤੇ ਟੇਢੀਆਂ ਪਲੇਟਾਂ ਵਾਲੀ ਝੋਨਾ ਬੀਜਣ ਵਾਲੀ ਡਰਿਲ ਦਾ ਇਸਤੇਮਾਲ ਕੀਤਾ ਜਾਂਦਾ ਹੈ , ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚ ਕੁਝ ਕਿਸਾਨਾਂ ਕੋਲ ਅਜਿਹੀਆਂ ਮਸ਼ੀਨਾਂ ਉਪਲਬੱਧ ਹਨ । ਜੇਕਰ ਇਹ ਮਸ਼ੀਨਾਂ ਦੀ ਘਾਟ ਹੋਵੇ ਤਾਂ ਅਜਿਹੀ ਹਾਲਤ ਵਿਚ ਜੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਦੇ ਖਾਦ ਵਾਲੇ ਬਕਸੇ ਦੇ ਪਿਸਤੌਲ ਦੀਆਂ ਝਿਰੀਆਂ ਬੰਦ ਕਰਕੇ ਬਕਸੇ ਦੀ ਗਿਰਾਰੀ ਨੂੰ ਦੁੱਗਣੇ ਦੰਦਿਆਂ ਵਾਲੀ ਗਰਾਰੀ ਨਾਲ ਬਦਲ ਕੇ ਅਤੇ ਖਾਦ ਵਾਲੇ ਲੀਵਰ ਨੂੰ ਇਸ ਤਰ੍ਹਾਂ ਸੈਟ ਕੀਤਾ ਜਾ ਸਕਦਾ ਹੈ। ਕਿ ਇੱਕ ਮੀਟਰ ਲੰਬਾਈ ਵਿਚ 16-20 ਦਾਣੇ ਡਿੱਗਣ।
ਉਹਨਾਂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਇੱਕ ਨਵੀਂ ਤਕਨੀਕੀ ਹੈ, ਇਸ ਲਈ ਸ਼ੁਰੂ ਵਿਚ ਇੱਕ ਮਹੀਨਾ ਜਿਆਦਾ ਧਿਆਨ ਦੇਣ ਦੀ ਲੋੜ ਹੈ।