- ਪੰਜਾਬ ਸਿਵਲ ਸਕੱਤਰੇਤ ਵਿੱਚ ਵਿਸ਼ੇਸ਼ ਕੈਂਪ ਦਾ ਕੀਤਾ ਉਦਘਾਟਨ
- ਵਾਇਰਸ ਦਾ ਟਾਕਰਾ ਕਰਨ ਲਈ ਸਾਰੇ ਯੋਗ ਵਿਅਕਤੀਆਂ ਨੂੰ ਟੀਕਾ ਲਗਵਾਉਣ ਦੀ ਅਪੀਲ
ਚੰਡੀਗੜ੍ਹ, 1 ਅਪ੍ਰੈਲ 2021 - ਕੋਵਿਡ ਰੋਕੂ ਵੈਕਸੀਨ ਬਾਰੇ ਝਿਜਕ ਅਤੇ ਭਰਮ-ਭੁਲੇਖੇ ਦੂਰ ਕਰਨ ਅਤੇ ਲੋਕਾਂ ਨੂੰ ਖੁਦ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਵੀਰਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਲਗਾਏ ਇੱਕ ਵਿਸ਼ੇਸ਼ ਕੈਂਪ ਵਿਖੇ ਵੈਕਸੀਨ ਦੀ ਪਹਿਲੀ ਖੁਰਾਕ ਲਈ। ਇਸ ਕੈਂਪ ਦਾ ਉਦਘਾਟਨ ਵੀ ਮੁੱਖ ਸਕੱਤਰ ਵਲੋਂ ਕੀਤਾ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਇਹ ਕੈਂਪ ਸਰਕਾਰੀ ਕਰਮਚਾਰੀਆਂ ਦੀ ਸਹੂਲਤ ਲਈ ਲਗਾਇਆ ਗਿਆ ਸੀ।
ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ -1, ਸੈਕਟਰ-1 ਵਿਖੇ ਇਹ ਵਿਸ਼ੇਸ਼ ਕੈਂਪ 9 ਅਪ੍ਰੈਲ ਤੱਕ ਲਗਾਇਆ ਜਾਵੇਗਾ। ਇਸੇ ਤਰਾਂ ਪੰਜਾਬ ਸਿਵਲ ਸਕੱਤਰੇਤ -2, ਸੈਕਟਰ 9, ਚੰਡੀਗੜ ਵਿਖੇ ਵੀ ਇੱਕ ਕੈਂਪ ਲਾਇਆ ਗਿਆ ਹੈ, ਜੋ 30 ਮਈ ਤੱਕ ਜਾਰੀ ਰਹੇਗਾ।
ਸ਼੍ਰੀਮਤੀ ਮਹਾਜਨ ਨੇ ਕਿਹਾ, “ਮੈਂ ਪਹਿਲਾ ਟੀਕਾ ਲਗਵਾਉਣ ਤੋਂ ਬਾਅਦ ਤੰਦਰੁਸਤ ਮਹਿਸੂਸ ਕਰ ਰਹੀ ਹਾਂ। ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ ਹਰੇਕ ਯੋਗ ਵਿਅਕਤੀ ਇਹ ਟੀਕਾ ਲਗਵਾਏ’’।
ਮੋਹਰਲੀ ਕਤਾਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਵੱਖ ਵੱਖ ਵਿਭਾਗਾਂ ਦੇ ਵਰਕਰਾਂ ਦੀ ਸ਼ਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਅਤੇ ਸਿਹਤਮੰਦ ਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਰਕਾਰੀ ਕਰਮਚਾਰੀ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।
ਮੁੱਖ ਸਕੱਤਰ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਅੱਜ ਤੋਂ ਹੀ ਵੈਕਸੀਨ ਲਗਵਾਉਣ ਲਈ ਯੋਗ ਹੈ। ਉਨਾਂ ਸਾਰਿਆਂ ਯੋਗ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਅਪੀਲ ਕੀਤੀ ।
ਉਹਨਾਂ ਕਿਹਾ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਰਾਜ ਵਿੱਚ ਹੁਣ ਹਫਤੇ ਦੇ ਸਾਰੇ ਦਿਨਾਂ ਵਿੱਚ ਟੀਕਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਰਾਜ ਵਿੱਚ ਹੁਣ ਤੱਕ 9,57,091 ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ।
ਸੂਬਾ ਸਰਕਾਰ ਨੇ ਸਾਰੇ ਯੋਗ ਵਿਅਕਤੀਆਂ ਲਈ ਨਿਰਵਿਘਨ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਦੇ ਤੰਦਰੁਸਤ ਪੰਜਾਬ ਹੈਲਥ ਵੈਲਨੈਸ ਸੈਂਟਰਾਂ ਅਤੇ ਉੱਪ-ਕੇਂਦਰਾਂ ਦੇ ਪੱਧਰ ‘ਤੇ ਵੀ ਕੋਵਿਡ ਟੀਕਾਕਰਨ ਮੁਹਿੰਮ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ ਆਬਾਦੀ ਨੂੰ ਇਸ ਮੁਹਿੰਮ ਹੇਠ ਲਿਆਉਣ ਲਈ ਪੁਲਿਸ ਲਾਈਨਜ, ਬੀ.ਡੀ.ਪੀ.ਓ. ਦਫ਼ਤਰਾਂ ਅਤੇ ਸਕੂਲਾਂ ਵਿਚ ਵੀ ਵਿਸ਼ੇਸ਼ ਕੈਂਪ ਲਗਾਏ ਗਏ।
ਟੀਕਾਕਰਨ ਮੁਹਿੰਮ ਦਾ ਦਾਇਰਾ ਵਧਾਉਣ ਲਈ ਸੂਬੇ ਭਰ ਵਿੱਚ ਵੀਰਵਾਰ ਨੂੰ 1,875 ਥਾਵਾਂ (1649 ਸਰਕਾਰੀ ਅਤੇ 226 ਪ੍ਰਾਈਵੇਟ) ਸਰਗਰਮੀ ਨਾਲ ਟੀਕਾਕਰਨ ਕੀਤਾ ਗਿਆ ਜਿਥੇ ਟੀਕਾਕਰਨ ਲਈ ਸਮਰਪਿਤ ਮੈਡੀਕਲ ਟੀਮਾਂ ਨਿਯੁਕਤ ਕੀਤੀਆਂ ਗਈਆਂ ਸਨ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਲੋਕ ਕਿਸੇ ਵੀ ਪਛਾਣ ਪੱਤਰ ਰਾਹੀਂ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜੋ ਕਿਸੇ ਵੀ ਯੋਗ ਵਿਅਕਤੀ ਲਈ ਟੀਕਾ ਲਾਉਣ ਲਈ ਇਹ ਇਕ ਉਚਿਤ ਦਸਤਾਵੇਜ਼ ਮੰਨਿਆ ਜਾਵੇਗਾ। ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਮੌਕੇ ’ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। www.co-win.gov.in ਰਾਹੀਂ ਸਵੈ ਰਜਿਸਟ੍ਰੇਸਨ ਕੀਤੀ ਜਾ ਸਕਦੀ ਹੈ।
ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੇਂਦਰਾਂ ‘ਤੇ ਟੀਕਾ ਲਗਵਾ ਸਕਦੇ ਹਨ ਅਤੇ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ।