ਹਰਜਿੰਦਰ ਸਿੰਘ ਭੱਟੀ
- ਵੈਕਸੀਨ ਦੀ ਸਹੂਲਤ ਵਾਲੀਆਂ ਸਰਕਾਰੀ ਸਿਹਤ ਸੰਸਥਾਵਾਂ ਦੀ ਗਿਣਤੀ ਵਧਾਈ : ਸਿਵਲ ਸਰਜਨ
- ਟੀਕਾ ਪੂਰੀ ਤਰ੍ਹਾਂ ਸੁਰੱਖਿਅਤ, ਬਿਨਾਂ ਡਰ-ਭੈਅ ਲਗਵਾਇਆ ਜਾਵੇ : ਡਾ. ਆਦਰਸ਼ਪਾਲ ਕੌਰ
ਐਸ.ਏ.ਐਸ. ਨਗਰ, 19 ਮਾਰਚ 2021 - ਸ਼ਹਿਰਾਂ ਤੋਂ ਬਾਅਦ ਕਈ ਪਿੰਡਾਂ ਵਿਚ ਵੀ ਕੋਵਿਡ ਵੈਕਸੀਨ ਦੇ ਟੀਕੇ ਲੱਗਣ ਲੱਗ ਪਏ ਹਨ। ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ 7 ਸਰਕਾਰੀ ਸਿਹਤ ਸੰਸਥਾਵਾਂ ਅਤੇ 27 ਨਿਜੀ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਪਹਿਲਾਂ ਹੀ ਚੱਲ ਰਿਹਾ ਸੀ ਤੇ ਹੁਣ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਪੈਂਦੇ ਮੁਢਲੇ ਸਿਹਤ ਕੇਂਦਰਾਂ ਵਿਚ ਵੀ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕਰ ਦਿਤੇ ਗਏ ਹਨ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੋਵਿਡ ਟੀਕਾਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸਿਹਤ ਵਿਭਾਗ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਟੀਕਾਕਰਨ ਹੋਵੇ ਤਾਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਅਸਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਵਿਸ਼ਵ ਸਿਹਤ ਸੰਸਥਾ ਨੇ ਇਸ ਦਵਾਈ ਨੂੰ ਮਾਨਤਾ ਦਿਤੀ ਹੈ। ਸਿਵਲ ਸਰਜਨ ਮੁਤਾਬਕ ਕੋਵਿਡ ਵੈਕਸੀਨ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਦਿਤੀ ਜਾ ਰਹੀ ਹੈ ਜਦਕਿ ਨਿਜੀ ਹਸਪਤਾਲਾਂ ਵਿਚ ਪ੍ਰਤੀ ਇੰਜੈਕਸ਼ਨ ਢਾਈ ਸੌ ਰੁਪਏ ਦੀ ਫ਼ੀਸ ਰੱਖੀ ਗਈ ਹੈ।
ਇਸ ਵੇਲੇ ਜ਼ਿਲ੍ਹਾ ਹਸਪਤਾਲ ਮੋਹਾਲੀ, ਖਰੜ, ਡੇਰਾਬੱਸੀ, ਬੂਥਗੜ੍ਹ, ਘੜੂੰਆਂ, ਕੁਰਾਲੀ, ਬਨੂੜ, ਲਾਲੜੂ ਅਤੇ ਢਕੋਲੀ ਦੇ ਸਿਵਲ ਹਪਸਤਾਲਾਂ ਵਿਚ ਟੀਕਾਕਰਨ ਚੱਲ ਰਿਹਾ ਹੈ। ਮੁਢਲਾ ਸਿਹਤ ਕੇਂਦਰ 3ਬੀ1 ਮੋਹਾਲੀ, ਬਸੋਲੀ, ਖ਼ਿਜ਼ਰਗੜ੍ਹ, ਪੰਡਵਾਲਾ, ਖ਼ਿਜ਼ਰਾਬਾਦ, ਪਲਹੇੜੀ, ਚੰਦੋ, ਮਜਾਤ, ਲਾਂਡਰਾਂ ਅਤੇ ਮੁੱਲਾਂਪੁਰ ਵਿਖੇ ਟੀਕਾਕਰਨ ਵੀਰਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਸ਼ਹਿਰੀ ਮੁਢਲਾ ਸਿਹਤ ਕੇਂਦਰ ਫ਼ੇਜ਼ 1, ਫ਼ੇਜ਼ 7, ਫ਼ੇਜ਼ 11 ਮੋਹਾਲੀ, ਬਲਟਾਣਾ, ਪ੍ਰੀਤ ਕਾਲੋਨੀ ਜ਼ੀਰਕਪੁਰ ਅਤੇ ਨਯਾਂਗਾਉਂ ਵਿਖੇ ਵੀ ਟੀਕੇ ਲੱਗਣ ਲੱਗ ਪਏ ਹਨ।
ਟੀਕਾ ਲਗਵਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੌਕੇ ’ਤੇ ਹੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਲਾਭਪਾਤਰੀ ਅਪਣਾ ਆਧਾਰ ਕਾਰਡ ਅਤੇ ਅਪਣਾ ਫ਼ੋਟੋ ਪਛਾਣ ਪੱਤਰ ਨਾਲ ਲੈ ਕੇ ਆਉਣ। ਫ਼ਿਲਹਾਲ 60 ਸਾਲ ਤੋਂ ਉਪਰਲੇ ਸੀਨੀਅਰ ਨਾਗਰਿਕਾਂ ਤੋਂ ਇਲਾਵਾ 45 ਸਾਲ ਤੋਂ 60 ਸਾਲ ਵਿਚਲੇ ਵਿਅਕਤੀ ਜਿਨ੍ਹਾਂ ਨੂੰ ਕੋਈ ਗੰਭੀਰ ਜਾਂ ਪੁਰਾਣੀ ਬੀਮਾਰੀ ਹੋਵੇ, ਹੈਲਥ ਕੇਅਰ ਵਰਕਰਾਂ ਅਤੇ ਫ਼ਰੰਟ ਲਾਈਨ ਵਰਕਰਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ।
ਡਾ. ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਇਸ ਬੀਮਾਰੀ ਦਾ ਟੀਕਾ ਬਣ ਗਿਆ ਹੈ ਪਰ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।