ਹਰਜਿੰਦਰ ਸਿੰਘ ਭੱਟੀ
- ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹੋਰ ਪਾਬੰਦੀਆਂ ਲਗਾਈਆਂ
- ਵਿਆਹ ਅਤੇ ਅੰਤਮ ਸੰਸਕਾਰ ਦੇ ਇਕੱਠ 20 ਤੱਕ ਸੀਮਤ
- ਪੁਲਿਸ ਅਤੇ ਮਾਲ ਅਧਿਕਾਰੀ ਚਲਾਨ ਕੱਟਣ ਲਈ ਬਾਜ਼ਾਰਾਂ, ਮੈਰਿਜ ਪੈਲੇਸਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਕਰਨਗੇ ਅਚਨਚੇਤ ਚੈਕਿੰਗ
- ਕੰਟੇਨਮੈਂਟ ਜ਼ੋਨਾਂ ਵਿਚ ਸਖ਼ਤੀ ਲਈ ਵਿਸ਼ੇਸ਼ ਨਾਕੇ ਸਥਾਪਤ
- ਕਰਫਿਊ ਘੰਟਿਆਂ ਦੌਰਾਨ ਚੱਲਣ ਵਾਲੀਆਂ ਕਾਰਾਂ ਨੂੰ ਕੀਤਾ ਜਾਵੇਗਾ ਜ਼ਬਤ
ਐਸ.ਏ.ਐਸ. ਨਗਰ, 16 ਅਪ੍ਰੈਲ 2021 - ਕੋਵਿਡ ਦੇ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਸਬੰਧੀ ਸੁਰੱਖਿਆ ਪ੍ਰੋਟੋਕੋਲਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਇਲਾਜ਼, ਟੀਕਾਕਰਣ ਅਤੇ ਆਊਟਰੀਚ ਸਬੰਧੀ ਗਤੀਵਿਧੀਆਂ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ।
ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲੇ ਵਿਚ ਵਿਆਹ ਅਤੇ ਅੰਤਿਮ ਸੰਸਕਾਰ ਵਿਚ ਇਕੱਠ ਨੂੰ 20 ਵਿਅਕਤੀਆਂ ਤੱਕ ਸੀਮਿਤ ਕੀਤਾ ਗਿਆ ਹੈ ਅਤੇ ਕੰਟੇਨਮੈਂਟ ਜ਼ੋਨਾਂ ਦੇ ਆਲੇ-ਦੁਆਲੇ ਅਣਅਧਿਕਾਰਤ ਇਕੱਠ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਪੁਲਿਸ ਅਤੇ ਮਾਲ ਅਧਿਕਾਰੀ ਪ੍ਰੋਟੋਕੋਲਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਬਾਜ਼ਾਰਾਂ ਅਤੇ ਭੀੜ ਵਾਲੇ ਖੇਤਰਾਂ ਵਿਚ ਅਚਨਚੇਤ ਚੈਕਿੰਗ ਕਰਨਗੇ। ਉਹ ਮੈਰਿਜ ਪੈਲੇਸਾਂ ਦੀ ਨਿਗਰਾਨੀ ਵੀ ਕਰਨਗੇ ਜਿਸ ਵਿੱਚ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਮਹਿਮਾਨਾਂ ਨੂੰ ਜ਼ੁਰਮਾਨੇ ਲਗਾਉਣ ਦੇ ਨਾਲ ਨਾਲ ਆਪਣੇ ਪੈਲੇਸ ਵਿੱਚ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ 'ਤੇ ਮੈਰਿਜ ਪੈਲੇਸ ਦੇ ਮਾਲਕ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਅਧਿਕਾਰੀ ਕਰਫਿਊ ਦੌਰਾਨ ਚੱਲਣ ਵਾਲੀਆਂ ਕਾਰਾਂ ਨੂੰ ਜ਼ਬਤ ਕਰਨਗੇ ਅਤੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਸਮੇਤ ਠੀਕ 9 ਵਜੇ ਕਰਫਿਊ ਲਾਗੂ ਕਰਨਾ ਯਕੀਨੀ ਬਣਾਉਣਗੇ। ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਸਾਂਝੀ ਟੀਮਾਂ ਘਰੇਲੂ ਇਕਾਂਤਵਾਸ ਅਤੇ ਜੀਓ-ਫੈਨਸਿੰਗ ਸਬੰਧੀ ਉਲੰਘਣਾ ਕਰਨ ਵਾਲੇ ਕੋਵਿਡ ਦੇ ਮਰੀਜ਼ਾਂ 'ਤੇ ਨਜ਼ਰ ਰੱਖਣਗੇ।
ਡੀ.ਸੀ ਨੇ ਦੱਸਿਆ ਕਿ ਅਸੀਂ ਪੀੜਤਾਂ ਦੀਆਂ ਕਾਲਾਂ ਦਾ ਤੁਰੰਤ ਜਵਾਬ ਦੇਣ ਲਈ ਹਰੇਕ ਸਬ ਡਵੀਜ਼ਨ ਵਿਚ 10 ਵਾਧੂ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਦਾ ਗਠਨ ਕੀਤਾ ਹੈ। ਉਹ ਕੋਵਿਡ ਕਿੱਟਾਂ ਦੀ ਵੰਡ ਨੂੰ ਯਕੀਨੀ ਬਣਾਉਣਗੇ ਅਤੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੇ।
ਉਹਨਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਇਲਾਜ ਦੀ ਸਹੂਲਤ ਦੀ ਗੱਲ ਹੈ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਲੇਵਲ 2, ਲੇਵਲ 3 ਬੈੱਡਾਂ ਵਿੱਚ ਵਾਧਾ ਕਰਨ ਅਤੇ ਕੋਵਿਡ ਦੇਖਭਾਲ ਲਈ ਹਸਪਤਾਲਾਂ ਵਿਚ ਵਿਸ਼ੇਸ਼ ਬਲਾਕ ਸਥਾਪਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅਸੀਂ ਆਕਸੀਜਨ ਸਪਲਾਈ ਦੀ ਵੀ ਘਾਟ ਅਤੇ ਇਸ ਨੂੰ ਵੱਧ ਕੀਮਤ ‘ਤੇ ਉਪਲਬਧ ਕਰਵਾਉਣ ਨੂੰ ਰੋਕਣ ਲਈ ਨਿਗਰਾਨੀ ਕਰ ਰਹੇ ਹਾਂ।
ਮਰੀਜ਼ਾਂ ਦੇ ਬਿਹਤਰ ਡਾਟਾ ਪ੍ਰਬੰਧਨ ਲਈ ਹੋਰ ਆਈ.ਟੀ. ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਹ ਡਾਟਾ ਐਂਟਰੀ, ਡੁਪਲੀਕੇਟ ਐਂਟਰੀ ਨੂੰ ਹਟਾਉਣ, ਆਊਟਸਾਈਡ ਕੇਸਾਂ ਨੂੰ ਬਾਹਰ ਕੱਢਣ ਅਤੇ ਹਾਟਸਪਾਟਸ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਨਗੇ।
ਦਿਆਲਨ ਨੇ ਦੱਸਿਆ ਕਿ ਟੀਕਾਕਰਨ ਅਤੇ ਆਊਟਰੀਚ ਯਤਨਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਟੀਕਾਕਰਨ ਲਈ ਪੰਚਾਇਤ ਸਕੱਤਰ, ਬੀ.ਐਲ.ਓਜ਼, ਚੋਣ ਸੁਪਰਵਾਈਜ਼ਰਾਂ ਨੂੰ ਲੋਕਾਂ ਤੱਕ ਪਹੁੰਚ ਬਣਾਉਣ ਲਈ ਤਿਆਰ ਕੀਤਾ ਗਿਆ ਹੈ।