ਜੀ ਐਸ ਪੰਨੂ
ਪਟਿਆਲਾ, 17 ਮਾਰਚ 2021 - ਆਰ.ਟੀ.ਪੀ.ਸੀ.ਆਰ. ਸੈਂਪਲਿੰਗ ਸੰਬੰਧੀ ਭਾਈ ਘਨੱਈਆ ਹੈਲਥ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਯੂਨੀਵਰਸਿਟੀ ਕੈਂਪਸ ਵਿਖੇ ਮੁਫ਼ਤ ਕੋਰੋਨਾ ਸੈਂਪਲਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਤ੍ਰਿਪੜੀ (ਸਿਵਲ ਸਰਜਨ, ਪਟਿਆਲ਼ਾ) ਦੀ ਟੀਮ ਵੱਲੋਂ 200 ਦੇ ਲਗਭਗ ਕੋਰੋਨਾ ਸੈਂਪਲ ਲਏ ਗਏ। ਇਸ ਕੈਂਪ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੇ ਡੀਨ ਅਕਾਦਮਿਕ ਡਾ. ਅੰਮ੍ਰਿਤਪਾਲ ਕੌਰ ਅਤੇ ਰਜਿਸਟਰਾਰ ਡਾ. ਡੀ.ਪੀ.ਐੱਸ. ਸਿੱਧੂ ਵੀ ਸ਼ਾਮਿਲ ਹੋਏ। ਇਸ ਮੌਕੇ ਅੰਮ੍ਰਿਤਪਾਲ ਕੌਰ ਨੇ ਆਪਣੇ ਵਿਚਾਰ ਰੱਖਦਿਆਂ ਯੂਨੀਵਰਸਿਟੀ ਪਰਿਵਾਰ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਹਰੇਕ ਨੂੰ ਆਪਣੇ ਆਪ ਦਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਸੰਬੰਧੀ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਫੈਲਾਅ ਸੰਬੰਧੀ ਲੜੀ ਨੂੰ ਤੋੜਨ ਦੀ ਲੋੜ ਹੈ ਤਾਂ ਕਿ ਇਸ ਦੇ ਫੈਲਾਅ ਤੋਂ ਬਚਿਆ ਜਾ ਸਕੇ।
ਰਜਿਸਟਰਾਰ ਡਾ. ਡੀ. ਪੀ. ਐੱਸ. ਸਿੱਧੂ ਨੇ ਭਾਈ ਘਨੱਈਆ ਹੈਲਥ ਸੈਂਟਰ ਦੇ ਸੀ.ਐੱਮ.ਓ. ਡਾ. ਰੇਗਿਨਾ ਮੈਨੀ ਅਤੇ ਸਾਰੇ ਸਟਾਫ਼ ਦੀ ਇਸ ਉੱਦਮ ਲਈ ਸ਼ਲਾਘਾ ਕੀਤੀ ।
ਡਾ. ਰੇਗਿਨਾ ਮੈਨੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਇਹ ਕੈਂਪ ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਨਾਲ ਸੰਬੰਧਿਤ ਜਾਰੀ ਹਦਾਇਤਾਂ ਅਨੁਸਾਰ ਲਗਵਾਈਆਂ ਗਿਆ ਅਤੇ ਸੀ. ਐੱਚ.ਸੀ. ਤ੍ਰਿਪੜੀ (ਸਿਵਲ ਸਰਜਨ, ਪਟਿਆਲਾ) ਦੇ ਐੱਸ. ਐੱਮ.ਓ. ਡਾ. ਵਿਕਾਸ ਗੋਇਲ ਅਤੇ ਉਨ੍ਹਾਂ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਸੈਂਪਲਿੰਗ ਕੀਤੀ ਗਈ।
ਇਸ ਮੌਕੇ ਡਾ. ਰੇਗੀਨਾ ਮੈਨੀ ਵੱਲੋਂ ਸੀ. ਐੱਚ.ਸੀ. ਤ੍ਰਿਪੜੀ ਦੀ ਸਾਰੀ ਟੀਮ, ਹੈਲਥ ਸੈਂਟਰ ਦੇ ਸਾਰੇ ਸਟਾਫ਼, ਪੰਜਾਬੀ ਯੂਨੀਵਰਸਿਟੀ ਦੀ ਫ਼ੈਕਲਟੀ ਅਤੇ ਕਰਮਚਾਰੀਆਂ ਦਾ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਪਰ ਇੱਥੇ ਜ਼ਿਕਰਯੋਗ ਹੈ ਕਿ ਕੈਂਪ ਲਗਾਉਣ ਤਾਂ ਹੀ ਫ਼ਾਇਦਾ ਹੋ ਸਕਦਾ ਹੈ ਜੇਕਰ ਇਹ ਅਧਿਕਾਰੀ ਯੂਨੀਵਰਸਿਟੀ ਵਿਚ ਕੋਵਿਡ ਨਿਯਮਾਂ ਦੀ ਉਲੰਘਣਾ ਨਾ ਹੋਣ ਦੇਣ ਨਹੀਂ ਤੇ ਥਾਪਰ ਯੂਨੀਵਰਸਿਟੀ ਦੀ ਤਰ੍ਹਾਂ ਵਿਦਿਆਰਥੀ ਕੋਵਿਡ -19 ਦੇ ਸ਼ਿਕਾਰ ਹੋ ਜਾਣਗੇ ਕਿਉਂਕਿ ਯੂਨੀਵਰਸਿਟੀ ਕੈਂਪਸ ਵਿੱਚ ਕੋਈ ਵੀ ਵਿਦਿਆਰਥੀ ਮਾਸਕ ਨਹੀਂ ਪਹਿਨ ਰਿਹਾ ਹੈ ਕਲਾਸਾਂ ਵਿੱਚ ਵੀ ਮਾਸਕ ਨਹੀਂ ਪਾਇਆ ਜਾ ਰਿਹਾ ਹੈ ਸੋਸ਼ਲ ਡਿਸਟੇਂਸਿੰਗ ਤਾਂ ਦੂਰ ਦੀ ਗੱਲ ਹੈ ਇੱਥੋਂ ਤੱਕ ਕਿ ਵਿਦਿਆਰਥੀ ਕੈਂਪਸ ਵਿੱਚ ਸ਼ਰੇਆਮ ਟੋਲੀਆਂ ਬਣਾ ਕੇ ਤੇ ਖਾਣ ਪੀਣ ਵਾਲੀਆਂ ਥਾਵਾਂ ਤੇ ਸਿਗਰਟਨੋਸ਼ੀ ਕਰਨ ਦੇ ਨਾਲ-ਨਾਲ ਮਜ਼ਬੇ ਲਗਾਂ ਕਿ ਬੇਠੈ ਹੁੰਦੇ ਹਨ ਮੋਟਰਸਾਈਕਲਾਂ ਤੇ ਚਾਰ ਚਾਰ ਸਵਾਰ ਹੋ ਕੇ ਬਿਨਾਂ ਮਾਸਕ ਤੋਂ ਘੁੰਮ ਰਹੇ ਹੁੰਦੇ ਹਨ ਇੱਥੋਂ ਤੱਕ ਕਿ ਦਫ਼ਤਰ ਵਿਚ ਵੀ ਨਿਯਮਾਂ ਨੂੰ ਨਹੀਂ ਮੰਨਿਆ ਜਾ ਰਿਹਾ ਹੈ ਹੁਣ ਤਾਂ ਉਹ ਗੱਲ ਹੋਈ ਪਈ ਹੈ ਕਿ ਮੇਰਾ ਮੀਆਂ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ।ਵੀ ਸੀ ਤਾਂ ਜ਼ਿਆਦਾ ਤੋਰ ਤੇ ਚੰਡੀਗੜ੍ਹ ਹੀ ਹੁੰਦੇ ਹਨ ਕੈਂਪਸ ਦਾ ਤਾਂ ਰੱਬ ਹੀ ਰਾਖਾ ਲਗਦਾ ਹੈ।