ਦੂਸਰੇ ਰਾਜਾਂ ਤੋਂ ਆਉਣ ਵਾਲੇ ਯਾਤਰੀ ਸਖਤੀ ਨਾਲ ਘਰੇਲੂ ਕੁਆਰੰਟੀਨ ਵਿਚ ਰਹਿਣਗੇ
ਐਸ ਏ ਐਸ ਨਗਰ, 11 ਮਈ 2020: ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਆਮਦ ਦੀ ਸ਼ੁਰੂਆਤ ਦੇ ਮੱਦੇਨਜ਼ਰ ਸ੍ਰੀ ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਦੱਸਿਆ ਕਿ ਵਿਦੇਸਾਂ ਤੋਂ ਆਉਣ ਵਾਲੇ ਸਾਰੇ ਯਾਤਰੀ ਜੋ ਤਾਲਾਬੰਦੀ ਕਾਰਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਜਿਹਨਾਂ ਦੀ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਵਾਪਸ ਆਉਣ ਦੀ ਸੰਭਾਵਨਾ ਹੈ, ਉਹਨਾਂ ਨੂੰ ਭੁਗਤਾਨ ਯੋਗ ਸੰਸਥਾਗਤ ਕੁਆਰੰਟੀਨ ਸਹੂਲਤ ਵਿਚ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਹੈ ਅਤੇ ਦੱਸਿਆ ਕਿ ਸਵਾਰ ਹੋਣ ਤੋਂ ਪਹਿਲਾਂ ਹਰੇਕ ਯਾਤਰੀ ਨੂੰ ਇਸ ਦੀ ਪਾਲਣਾ ਕਰਨ ਸਬੰਧੀ ਜੁਮੇਵਾਰੀ ਲੈਣੀ ਪਵੇਗੀ।
ਇਸ ਦੇ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ ਵੱਖ ਸ਼੍ਰੇਣੀਆਂ ਦੇ ਹੋਟਲ ਦੀ ਸ਼ਨਾਖਤ ਕੀਤੀ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਪਸੰਦ ਦੇ ਹੋਟਲ ਵਿਚ ਠਹਿਰਨ ਲਈ ਵਿਕਲਪ ਦਿੱਤਾ ਜਾਵੇਗਾ ਜਿਸ ਨੂੰ ਸੰਸਥਾਗਤ ਕੁਆਰੰਟੀਨ ਸਹੂਲਤ ਵਜੋਂ ਸ਼ਾਰਟਲਿਸਟ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ, ਜ਼ਿਲੇ ਵਿਚ ਵਿਦੇਸਾਂ ਤੋਂ ਵਾਪਸ ਆਉਣ ਵਾਲੇ ਮੁਸਾਫਰਾਂ ਦੀਆਂ ਦੋ ਉਡਾਣਾਂ ਦੀ ਇਕ ਦੋ ਦਿਨਾਂ ਵਿਚ ਆਉਣ ਦੀ ਸੰਭਾਵਨਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਹੋਣ ਤੋਂ ਬਾਅਦ ਮੁਹਾਲੀ ਦੇ ਲੋਕਾਂ ਦੇ ਵਾਪਸ ਜ਼ਿਲੇ ਵਿਚ ਆਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਵੇਰਵਾ ਦਿੰਦੇ ਹੋਏ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਅਜਿਹੇ ਸਾਰੇ ਯਾਤਰੀਆਂ ਨੂੰ ਇਕ ਆਮ ਕੇਂਦਰੀ ਸਥਾਨ 'ਤੇ ਉਨ੍ਹਾਂ ਦੀਆਂ ਬੱਸਾਂ ਤੋਂ ਉਤਾਰਿਆ ਜਾਵੇਗਾ, ਜਿਸ ਦੀ ਪਛਾਣ ਪਾਮ ਬੈਂਕਟਸ, ਜ਼ੀਰਕਪੁਰ ਵਜੋਂ ਕੀਤੀ ਗਈ। ਇਸ ਤੋਂ ਬਾਅਦ, ਉਨ੍ਹਾਂ ਨੂੰ ਆਪਣੇ ਘਰ ਵਾਪਸ ਭੇਜ ਦਿੱਤਾ ਜਾਵੇਗਾ, ਜਿਥੇ ਉਹ ਨਿਗਰਾਨੀ ਹੇਠ ਸਖਤ ਤੌਰ 'ਤੇ ਘਰ ਵਿਚ ਇਕਾਂਤਵਾਸ ਰਹਿਣਗੇ। ਉਹਨਾਂ ਕਿਹਾ ਕਿ ਉੱਚ ਜੋਖਮ ਵਾਲੇ ਯਾਤਰੀਆਂ ਨੂੰ ਸਰਕਾਰੀ ਕੁਆਰੰਟੀਨ ਸਹੂਲਤ ਵਿਚ ਰੱਖਿਆ ਜਾਵੇਗਾ।