ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ 2021: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਨੱਕ ਦਾ ਸਵਾਲ ਬਣ ਗਈਆਂ ਹਨ। ਹਾਲਾਂਕਿ ਇਹਨਾਂ ਚੋਣਾਂ ਦੌਰਾਨ ਫਿਲਹਾਲ ਕਾਂਗਰਸ ਨੂੰ ਕੋਈ ਬਹੁਤੀ ਵੱਡੀ ਚੁਣੌਤੀ ਨਹੀਂ ਫਿਰ ਵੀ ਵਿੱਤ ਮੰਤਰੀ ਕਿਸੇ ਕਿਸਮ ਦਾ ਖਤਰਾ ਮੁੱਲ ਲੈਣਾ ਨਹੀਂ ਚਾਹੁੰਦੇ ਹਨ। ਖਾਸ ਤੌਰ ਤੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ’ਚ ਕਾਂਗਰਸ ਨੂੰ ਹੋਈ ਅਣਕਿਆਸੀ ਹਾਰ ਦਾ ਮਾਮਲਾ ਉਹਨਾਂ ਨੂੰ ਰਹਿ ਰਹਿ ਕੇ ਫਿਕਰਮੰਦ ਕਰ ਰਿਹਾ ਹੈ। ਇਹਨਾਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲੱਗਭਗ ਓਨੀਆਂ ਹੀ ਵੋਟਾਂ ਨਾਲ ਜਿੱਤ ਗਈ ਸੀ ਜਿੰਨੀਆਂ ਨਾਲ ਵਿਧਾਨ ਸਭਾ ਚੋਣਾਂ ’ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿੱਤੇ ਸਨ। ਇਸ ਹਾਰ ਨੇ ਨਾਂ ਕੇਵਲ ਕਾਂਗਰਸੀ ਹਲਕਿਆਂ ਦੀ ਚਿੰਤਾ ਵਧਾਈ ਰੱਖੀ ਬਲਕਿ ਖੁਦ ਵਿੱਤ ਮੰਤਰੀ ਨੂੰ ਵੀ ਧੁਰ ਅੰਦਰੋਂ ਹਿਲਾਕੇ ਰੱਖ ਦਿੱਤਾ ਸੀ।
ਮੀਡੀਆ ’ਚ ਲਗਾਤਾਰ ਆਈਆਂ ਹਾਰ ਵਾਲੀਆਂ ਖਬਰਾਂ ਕਾਰਨ ਵੀ ਕਾਂਗਰਸ ਨੂੰ ਇਸ ਦਿਸ਼ਾ ’ਚ ਸੋਚਣ ਲਈ ਮਜਬੂਰ ਹੋ ਗਈ ਸੀ। ਇਹੋ ਕਾਰਨ ਹੈ ਕਿ ਐਤਕੀ ਵਿੱਤ ਮੰਤਰੀ ਅਤੇ ਉਹਨਾਂ ਦੇ ਪ੍ਰੀਵਾਰ ਨੇ ਪੂਰੀ ਸਰਗਰਮੀ ਨਾਲ ਮੋਰਚਾ ਸੰਭਾਲਿਆ ਹੋਇਆ ਹੈ। ਅਮਰੀਕੀ ਨਾਗਰਿਕ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਔਰਤ ਵੋਟਰਾਂ ਨਾਲ ਸੰਪਰਕ ਬਣਾ ਰਹੇ ਹਨ ਤਾਂ ਅਰਜੁਨ ਬਾਦਲ ਨੇ ਨੌਜਵਾਨ ਵੋਟਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ। ਇਸੇ ਤਰਾਂ ਹੀ ਜੈਜੀਤ ਸਿੰਘ ਜੌਹਲ ਉਰਫ ਜੋਜੋ ਆਪਣੇ ‘ਹਮਖਿਆਲੀਆਂ’ ਨਾਲ ਰੁੱਝੇ ਦਿਖਾਈ ਦਿੰਦੇ ਹਨ। ਇਸ ਮਾਮਲੇ ’ਚ ਵਿੱਤ ਮੰਤਰੀ ਦੀਆਂ ਸਰਗਰਮੀਆਂ ਤੇ ਝਾਤੀ ਮਾਰੀਏ ਤਾਂ ਦਿਨ ’ਚ 10-12 ਚੋਣ ਸਭਾਵਾਂ ਨੂੰ ਸੰਬੋਧਨ ਕਰਨਾ ਆਮ ਗੱਲ ਹੈ। ਇਸ ਦੌਰਾਨ ਉਹਨਾਂ ਵੱਲੋਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ ਜੋ ਵੋਟਰਾਂ ਨੂੰ ਟੁੰਬਦੇ ਅਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।
ਕੌਮੀ ਮਾਰਗ ਤੇ ਪੁਲ ਉਸਾਰਨ ਦਾ ਖੁਲਾਸਾ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਾਰਡ ਨੰਬਰ 4 ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਬਰਨਾਲਾ ਬਾਈਪਾਸ ਤੇ ਬਸੰਤ ਵਿਹਾਰ ਅਤੇ ਭੱਟੀ ਰੋਡ ਕਰਾਸਿੰਗ ਤੇ ਲੱਗੀਆਂ ਟਰੈਫਿਕ ਲਾਈਟਾਂ ’ਤੇ ਐਐਏਆਈ ਵੱਲੋਂ ਫਲਾਈਓਵਰ ਬਣਾਏ ਜਾਣ ਦੀ ਯੋਜਨਾ ਦਾ ਖੁਲਾਸਾ ਕੀਤਾ ਜਿਸ ਬਾਰੇ ਟੈਂਡਰ ਵੀ ਲੱਗ ਚੁੱਕੇ ਹਨ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇੱਥੇ ਕਈ ਸੜਕ ਹਾਦਸੇ ਵਾਪਰੇ ਹਨ ਜਿਸ ਤੋਂ ਬਾਅਦ ਲੋਕਾਂ ਨੇ ਇਸ ਸਬੰਧੀ ਮੰਗ ਕੀਤੀ ਸੀ । ਉਹਨਾਂ ਦੱਸਿਆ ਕਿ 27 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਲ ਦੇ ਅੰਦਰ ਅੰਦਰ ਇਹ ਫਲਾਈਓਵਰ ਤਿਆਰ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਫਲਾਈਓਵਰ ਬਣਨ ਅੱਧੀ ਦਰਜਨ ਤੋਂ ਵੱਧ ਕਲੋਨੀਆਂ ਨੂੰ ਫਾਇਦਾ ਹੋਵੇਗਾ ਅਤੇ ਸੜਕ ਹਾਦਸੇ ਖਤਮ ਹੋ ਜਾਣਗੇ ਤੇ ਬਰਨਾਲਾ ਬਾਈਪਾਸ ਤੇ ਜਾਣ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਹੀਂ ਆਵੇਗੀ।
ਵੋਟਾਂ ਪਾਓ ਕਾਂਗਰਸ ਨੂੰ:ਵੀਨੂੰ ਬਾਦਲ
ਵੀਨੂੰ ਬਾਦਲ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਚੋਣਾਂ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਰਾਜਨੀਤੀ ’ਚ ਬਰਾਬਰ ਦੀ ਹਿੱਸੇਦਾਰ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਇਕੋ ਮਕਸਦ ਸੀ ਕਿ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਇਸ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ । ਅਰਜੁਨ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ । ਉਹਨਾਂ ਅਪੀਲ ਕੀਤੀ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਸ਼ਹਿਰ ਦੀ ਹੋਰ ਤਰੱਕੀ ਹੋ ਸਕੇ । ਇਸੇ ਤਰਾਂ ਹੀ ਜੈਜੀਤ ਸਿੰਘ ਜੌਹਲ ਨੇ ਵੀ ਹੁਣ ਤੱਕ ਵੱਡੀ ਗਿਣਤੀ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਲਈ ਫਤਵਾ ਮੰਗਿਆ ਹੈ।