ਪਰਵਿੰਦਰ ਸਿੰਘ ਕੰਧਾਰੀ
- ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
ਫਰੀਦਕੋਟ, 26 ਮਾਰਚ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਮੌਨ ਧਾਰ ਕੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਅਪੀਲ ਦੇ ਮੱਦੇਨਜਰ 27 ਮਾਰਚ ਨੂੰ ਫਰੀਦਕੋਟ ਜ਼ਿਲੇ ਵਿਚ ਵੀ ਲੋਕਾਂ ਵੱਲੋਂ ਕਰੋਨਾ ਕਾਲ ਵਿਚ ਵਿਛੋੜਾ ਦੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸਭ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਨੂੰ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਮੋਨ ਧਾਰ ਕੇ ਉਨਾਂ ਲੋਕਾਂ ਨੂੰ ਯਾਦ ਕਰਨ ਜੋ ਕਰੋਨਾ ਖਿਲਾਫ ਜੰਗ ਦੌਰਾਨ ਇਸ ਫਾਨੀ ਦੁਨੀਆਂ ਤੋਂ ਚਲੇ ਗਏ ਹਨ। ਉਨਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਸੜਕੀ ਆਵਾਜਾਈ ਕਰਨ ਤੋਂ ਵੀ ਗੁਰੇਜ ਕੀਤਾ ਜਾਵੇ ਅਤੇ ਸੜਕੀ ਆਵਾਜਾਈ ਵੀ 1 ਘੰਟੇ ਲਈ (ਰਾਜ ਮਾਰਗ ਅਤੇ ਨੈਸ਼ਨਲ ਹਾਈਵੇ ਨੂੰ ਛੱਡ ਕੇ) ਬੰਦ ਰਹੇਗੀ। ਉਨਾਂ ਨੇ ਕਿਹਾ ਕਿ ਇਸ ਵਿਚ ਸਮਾਜਿਕ ਸੰਗਠਨ ਵੀ ਸਹਿਯੋਗ ਕਰਣਗੇ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਜ਼ਿਲਾ ਵਾਸੀਆਂ ਨੂੰ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਜਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਹੈ। ਉਨਾਂ ਨੇ ਕਿਹਾ ਕਿ ਹਰ ਸਮੇਂ ਮਾਸਕ ਪਾ ਕੇ ਰੱਖੋ, ਸਮਾਜਿਕ ਦੂਰੀ ਰੱਖੋ ਅਤੇ ਵਾਰ ਵਾਰ ਹੱਥ ਧੋਂਦੇ ਰਹੋ, ਭੀੜ ਵਾਲੀਆਂ ਥਾਵਾਂ ਤੇ ਘੱਟ ਜਾਉ, ਖੰਘ, ਬੁਖਾਰ ਅਤੇ ਜੁਕਾਮ ਆਦਿ ਲੱਛਣ ਦਿਸਣ ਤੇ ਕਰੋਨਾ ਟੈਸਟ ਕਰਵਾਉ ਅਤੇ ਕਰੋਨਾ ਵੈਕਸੀਨ ਲਗਵਾਉ। ਇਸ ਨਾਲ ਅਸੀਂ ਕਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਾਂਗੇ। ਉਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਜਿਆਦਾ ਖਤਰਨਾਕ ਹੈ ਅਤੇ ਡਾਕਟਰੀ ਰਿਪੋਰਟਾਂ ਅਨੁਸਾਰ ਇਹ ਤੇਜੀ ਨਾਲ ਫੈਲਦਾ ਹੈ ਇਸ ਲਈ ਸਾਨੂੰ ਵਧੇਰੇ ਸਾਵਧਾਨੀ ਰੱਖਣੀ ਚਾਹੀਦੀ ਹੈ ।