ਅਸ਼ੋਕ ਵਰਮਾ
ਬਠਿੰਡਾ,31 ਮਾਰਚ2021: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ਤੇ ਨਿੱਜੀ ਸਕੂਲਾਂ ਦੇ ਮਾਲਕਾਂ, ਵਿਦਿਆਰਥੀਆਂ ਦੇ ਮਾਪਿਆਂ, ਬੱਸ ਡਰਾਈਵਰਾਂ, ਕੰਡਕਟਰਾਂ, ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਨੇ ਬਠਿੰਡਾ ’ਚ ਰੋਸ ਰੈਲੀ ਕਰਕੇ ਸਕੂਲ ਬੰਦ ਕਰਨ ਦੇ ਨਿਰਦੇਸ਼ਾਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾਇਆ। ਰੈਲੀ ਦੌਰਾਨ ’ਕਰੋਨਾ ਤਾਂ ਇੱਕ ਬਹਾਨਾ ਹੈ, ਅਸਲੀ ਹੋਰ ਨਿਸ਼ਾਨਾ ਹੈ’ ਵਰਗੇ ਨਾਅਰੇ ਲਾਏ ਅਤੇ ਸਕੂਲ ਖੋਲ੍ਹਣ ਦੀ ਮੰਗ ਕੀਤੀ। ਸਕੂਲ ਮਾਲਕਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਚੁੱਕਿਆ ਹੈ ਇਸ ਲਈ ਸਰਕਾਰ ਆਪਣਾ ਫੈਸਲਾ ਵਾਪਿਸ ਲਵੇ ਤੇ ਬੱਚਿਆਂ ਦਾ ਭਵਿੱਖ ਬਚਾਏ।ਇਹ ਰੋਸ ਰੈਲੀ ਪਾਵਰ ਹਾਊਸ ਰੋਡ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜ਼ਾਰਾਂ ਵਿਚ ਦੀ ਹੁੰਦੀ ਹੋਈ ਮਿੰਨੀ ਸਕੱਤਰੇਤ ’ਚ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋਈ।
ਫੈਡਰੇਸ਼ਨ ਆਗੂ ਸੁਖਚੈਨ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਜਦੋਂ ਸਾਰੇ ਕੰਮ ਕਾਰ ਨਿਰਵਿਘਨ ਚੱਲ ਰਹੇ ਹਨ ਤਾਂ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਕੂਲ ਬੰਦ ਰਹਿਣ ਕਾਰਨ ਭਾਵੇਂ ਆਨਲਾਈਨ ਪੜ੍ਹਾਈ ਕਰਵਾਈ ਸੀ ਪਰ ਉਸ ਦੇ ਸਾਰਥਿਕ ਨਤੀਜੇ ਨਹੀਂ ਸਾਹਮਣੇ ਆਏ ਹਨ ਜੋਕਿ ਸਿੱਖਿਆ ਦੇ ਪੱਖ ਤੋਂ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕੀ ਭਾਵੇਂ ਕਰੋਨਾ ਖਤਰਨਾਕ ਵਾਇਰਸ ਹੈ ਪਰ ਸਕੂਲ ਬੰਦ ਕਰਨਾ ਇਸ ਦਾ ਹੱਲ ਨਹੀਂ ਕਿਉਂਕਿ ਬੱਚੇ ਬਜਾਰਾਂ, ਖੁਸ਼ੀ-ਗਮੀ ਦੇ ਸਮਾਗਮਾਂ, ਅਤੇ ਰਿਸ਼ਤੇਦਾਰੀਆਂ ਆਦਿ ਵਿੱਚ ਵਿਚਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਦੀ ਕੀ ਗਾਰੰਟੀ ਹੈ ਕਿ ਕੁੱਝ ਸਮੇਂ ਲਈ ਸਕੂਲ ਬੰਦ ਕਰਕੇ ਇਸ ਵਾਇਰਸ ਦਾ ਇਲਾਜ ਹੋ ਜਾਵੇਗਾ ?
ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਸ਼ਰਤਾਂ ਸਮੇਤ ਬਾਕੀ ਸਭ ਕੁੱਝ ਖ੍ਹੋਲਿਆ ਹੋਇਆ ਹੈ, ਉਸੇ ਤਰ੍ਹਾਂ ਕੋਵਿਡ 19 ਦੇ ਫੈਲਾਓ ਨੂੰ ਰੋਕਣ ਲਈ ਢੁੱਕਵੀਆਂ ਪਾਬੰਦੀਆਂ ਲਗਾ ਕੇ ਸਕੂਲ ਖੋਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ।ਇਸ ਮੌਕੇ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਵੀਨੂੰ ਗੋਇਲ ਨੇ ਕਿਹਾ ਕਿ ਸਕੂਲ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਰਾਹੀਂ ਸਕੂਲਾਂ ਵਿਚ ਬੜੇ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਇਆ ਕਰਵਾਈ ਜਾ ਸਕਦੀ ਹੈ। ਇਸ ਮੌਕੇ ਫੈਡਰੇਸ਼ਨ ਦੀ ਸਹਿਯੋਗੀ ਜੱਥੇਬੰਦੀ ‘ਪਾਸਾ‘ ਦੇ ਪਿ੍ਰੰਸੀਪਲ ਜਗਦੀਸ਼ ਸਿੰਘ ਘਈ, ਮਨੀਸ਼ ਅਰੋੜਾ, ਨਰਿੰਦਰਪਾਲ ਸਿੰਘ ਅਤੇ ਸ਼ਰਦਾ ਚੋਪੜਾ, ਆਦਿ ਆਗੂ ਵੀ ਹਾਜਰ ਸਨ।