ਕੁਲਵਿੰਦਰ ਸਿੰਘ
ਅੰਮ੍ਰਿਤਸਰ, 27 ਮਾਰਚ 2021 - ਅੱਜ ਨਿਊ ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਸਰਕਾਰੀ ਮੋਨ ਦੇ ਫ਼ਰਮਾਨ ਨੂੰ ਲਾਗੂ ਕਰਵਾਉਣ ਲਈ 11 ਤੋਂ 12 ਵਜੇ ਤੱਕ ਨਾਕਾ ਲਗਾ ਕੇ ਰੋਡ ਬੰਦ ਕੀਤਾ ਗਿਆ। ਇਸ ਤੋਂ ਬਾਅਦ ਰੋਡ ਦੇ ਇੱਕ ਪਾਸੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਜਿਸ ਪਾਸੇ ਨਿਊ ਅੰਮ੍ਰਿਤਸਰ ਪੁਲਸ ਚੌਕੀ ਵੱਲੋਂ ਨਾਕਾ ਲਗਾਇਆ ਗਿਆ ਸੀ। ਉਥੇ ਤਾਂ ਟ੍ਰੈਫਿਕ ਬੰਦ ਸੀ ਪਰ ਸੜਕ ਦੇ ਦੂਸਰੇ ਪਾਸੇ ਟ੍ਰੈਫਿਕ ਆਮ ਵਾਂਗੂੰ ਹੀ ਚੱਲ ਰਿਹਾ ਸੀ। ਜਿਸ ਨੂੰ ਵੇਖ ਕੇ ਉਥੇ ਖੜ੍ਹੇ ਲੋਕਾਂ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਇਸ ਉਤੇ ਚੌਕੀ ਇੰਚਾਰਜ ਸ਼ਿਵ ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਕਰ ਰਹੇ ਹਨ। ਜਦੋਂ ਦੂਸਰੇ ਪਾਸੇ ਦੀ ਚਲਦੀ ਹੋਈ ਟ੍ਰੈਫਿਕ ਬਾਰੇ ਪਤਾ ਲਗਾਇਆ ਗਿਆ ਤਾਂ ਪਤਾ ਲੱਗਾ ਕਿ ਪੁਲਸ ਵੱਲੋਂ ਉੱਥੇ ਯਾਨੀ ਕਿ ਗੋਲਡਨ ਗੇਟ ਤੇ ਵੀ ਨਾਕਾ ਲਗਾਇਆ ਗਿਆ ਹੈ ਪਰ ਲੋਕ ਨਾਕੇ ਤੋਂ ਪਹਿਲਾਂ ਹੀ ਇਕ ਕਲੋਨੀ ਜੋ ਕਿ ਮੇਨ ਸੜਕ ਤੇ ਨਿਕਲਦੀ ਹੈ ਉਸ ਵਿੱਚੋਂ ਆ ਕੇ ਮੇਨ ਸੜਕ ਤੇ ਪਹੁੰਚ ਰਹੇ ਸਨ।
ਦੂਸਰੇ ਪਾਸੇ ਰੋਕੀ ਗਈ ਟ੍ਰੈਫਿਕ ਦੇ ਵਿਚ ਡਾ ਯਨੀਸ਼ ਭਨੋਟ ਵੀ ਫਸੇ ਹੋਏ ਸਨ ਜਦੋਂ ਉਨ੍ਹਾਂ ਨੂੰ ਗੱਡੀ ਕੱਢਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਗੱਡੀ ਟ੍ਰੈਫਿਕ ਦੇ ਵਿਚਕਾਰ ਫਸੀ ਹੋਈ ਹੈ ਅਤੇ ਉਹ ਇਕ ਘੰਟਾ ਰੁਕਣ ਲਈ ਮਜਬੂਰ ਹਨ ਹਾਲਾਂਕਿ ਉਨ੍ਹਾਂ ਨੂੰ ਹਸਪਤਾਲ ਜਾਣ ਲਈ ਦੇਰ ਹੋ ਰਹੀ ਹੈ ਅਤੇ ਮਰੀਜ਼ ਉਨ੍ਹਾਂ ਦਾ ਇੰਤਜ਼ਾਰ ਕਰਦੇ ਹੋਣਗੇ ਪਰ ਮਜਬੂਰੀ ਤਹਿਤ ਉਹ ਨਹੀਂ ਜਾ ਸਕਣਗੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਦੂਸਰੇ ਢੰਗ ਨਾਲ ਵੀ ਸ਼ਰਧਾਂਜਲੀ ਦੇ ਸਕਦੀ ਹੈ ਜਾਂ ਫਿਰ ਲੋਕਾਂ ਤਕ ਸਹੀ ਤਰੀਕੇ ਨਾਲ ਗਲ ਪਹੁੰਚਾਈ ਜਾਵੇ ਤਾਂ ਜੋ ਲੋਕ ਪਹਿਲਾਂ ਤੋਂ ਹੀ ਇਸ ਲਈ ਤਿਆਰ ਰਹਿਣ। ਕੁਝ ਲੋਕ ਬਠਿੰਡਾ ਤੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਉਨ੍ਹਾਂ ਵੀ ਕਿਹਾ ਕਿ ਸ਼ਰਧਾਂਜਲੀ ਤਾਂ ਆਪਣੀ ਜਗ੍ਹਾ ਠੀਕ ਹੈ ਪਰ ਸ਼ਰਧਾਂਜਲੀ ਦੇਣ ਦਾ ਤਰੀਕਾ ਠੀਕ ਨਹੀਂ।