ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਮਾਰਚ 2021 - ਉਘੇ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਅੱਜ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐਸ ਐਮ ਉ ਅਮਨਦੀਪ ਸਿੰਘ ਦੁੱਗਲ ਦੀ ਦੇਖ ਰੇਖ ਹੇਠ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ।ਇਸ ਮੌਕੇ ਸੰਤ ਜੀ ਨੇ ਕਿਹਾ ਕਿ ਬੜੇ ਲੰਮੇ ਇੰਤਜਾਰ ਤੋਂ ਬਾਅਦ ਕੋਵਿਡ ਦੀ ਵੈਕਸੀਨ ਉਪਲੱਬਧ ਹੋਈ ਹੈ।ਉਨ੍ਹਾਂ ਕਿਹਾ ਕਿ ਸਾਨੂੰ ਬਿਨ੍ਹਾਂ ਝਿਜਕ ਦੇ ਸਾਰਿਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਟੀਕਾ ਲਗਵਾਉਣ ਤੋਂ ਬਾਅਦ ਬਿਲਕੁਲ ਤੰਦਰੂਸਤ ਹਾਂ।ਉਨ੍ਹਾਂ ਕਿਹਾ ਕਿ 60 ਸਾਲ ਤੋਂ ਉਪਰ ਸਰਕਾਰ ਸਭ ਨੂੰ ਫਰੀ ਟੀਕਾ ਲਗਵਾ ਰਹੀ ਹੈ ਤੇ 45 ਸਾਲ ਤੋਂ ਉਪਰ ਜੇਕਰ ਕਿਸੇ ਨੂੰ ਕੋਈ ਵੀ ਬਿਮਾਰੀ ਹੈ ਤਾਂ ਉਸ ਨੂੰ ਵੀ ਫਰੀ ਲਗਵਾਇਆ ਜਾ ਰਿਹਾ ਹੈ।
ਸੰਤ ਸੀਚੇਵਾਲ ਜੀ ਨੇ ਕਿਹਾ ਕਿ 18 ਸਾਲ ਤੋਂ 45 ਸਾਲ ਤੱਕ ਜੋ ਵੀ ਸੀਚੇਵਾਲ ਸੰਸਥਾ ਲਈ ਸੇਵਾ ਕਰ ਰਿਹਾ ਹੈ ਉਨ੍ਹਾਂ ਨੂੰ ਟੀਕੇ ਦਾ ਪ੍ਰਬੰਧ ਇੱਕ ਉਂਕਾਰ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਵੇਗਾ।
ਐਸ ਐਮ ਉ ਅਮਨਦੀਪ ਸਿੰਘ ਦੁੱਗਲ ਨੇ ਕਿਹਾ ਕਿ ਸਾਡੇ ਜਿਲੇ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਾਨ ਸਖਸੀਅਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਟੀਕਾ ਲਗਵਾ ਲੋਕਾਂ ਲਈ ਇੱਕ ਉਦਾਹਰਣ ਬਣੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰਾਂ ਦਾ ਮਨ ਵਿੱਚੋਂ ਖੌਫ ਕੱਢ ਕੇ ਕੋਵਿਡ ਵੈਕਸੀਨ ਦੀਆਂ ਦੋ ਡੋਜਾਂ ਜਰੂਰ ਲੈਣੀਆਂ ਚਾਹੀਦੀਆਂ ਹਨ।